ਕਿਹਾ, ਆਮ ਆਦਮੀ ਪਾਰਟੀ ਨੇ 70 ਫ਼ੀਸਦੀ ਤੋਂ ਵੱਧ ਸੀਟਾਂ ਜਿੱਤੀਆਂ
2027 ਦੀਆਂ ਚੋਣਾਂ 'ਚ ਪਾਰਟੀ ਵਿਕਾਸ ਦੇ ਮੁੱਦਿਆਂ 'ਤੇ ਲੋਕਾਂ ਕੋਲ ਜਾਵੇਗੀ-ਮੁੱਖ ਮੰਤਰੀ
ਕਿਹਾ, ਅਸੀਂ ਕਾਂਗਰਸ ਨਾਲੋਂ ਚਾਰ ਗੁਣਾ, ਅਕਾਲੀ ਦਲ ਨਾਲੋਂ 5 ਗੁਣਾ ਅਤੇ ਭਾਜਪਾ ਨਾਲੋਂ 20 ਗੁਣਾ ਜ਼ਿਆਦਾ ਸੀਟਾਂ ਜਿੱਤੀਆਂ
ਐੱਸ. ਏ. ਐੱਸ. ਨਗਰ, 18 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਥੇ ਸਾਂਝੇ ਤੌਰ 'ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਨੇ ਇਕ ਵੱਡਾ ਲੋਕ ਫ਼ਤਵਾ ਦਿੱਤਾ ਹੈ ਜੋ ਸੱਤਾਧਾਰੀ ਸਰਕਾਰ ਤੋਂ ਅੱਕਣ ਜਾਂ ਥੱਕਣ ਦਾ ਨਹੀਂ, ਬਲਕਿ ਸਰਕਾਰ ਦੇ ਬਿਹਤਰ ਸ਼ਾਸਨ ਦੀ ਸਪਸ਼ਟ ਹਮਾਇਤ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ 70 ਫ਼ੀਸਦੀ ਤੋਂ ਵੱਧ ਸੀਟਾਂ 'ਤੇ ਪਾਰਟੀ ਦੀ ਜਿੱਤ ਇਕ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਮਜ਼ਬੂਤ ਲੋਕ ਲਹਿਰ ਵੱਲ ਇਸ਼ਾਰਾ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਲੋਕ ਫ਼ਤਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ 'ਕੰਮ ਦੀ ਰਾਜਨੀਤੀ', ਜਿਸ ਵਿਚ 'ਯੁੱਧ ਨਸ਼ਿਆਂ ਵਿਰੁੱਧ', ਸਿੰਚਾਈ ਸੁਧਾਰ, ਨਿਰਵਿਘਨ ਬਿਜਲੀ, ਸੜਕ ਨਿਰਮਾਣ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਸੇਵਾਵਾਂ ਆਦਿ ਖੇਤਰਾਂ ਵਿਚ ਵੱਖ-ਵੱਖ ਪਹਿਲਕਦਮੀਆਂ ਕਰਨਾ ਸ਼ਾਮਿਲ ਹੈ, ਦੇ ਪ੍ਰਤੀ ਲੋਕਾਂ ਦੇ ਡੂੰਘੇ ਵਿਸ਼ਵਾਸ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ 'ਆਪ' ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ | ਲੋਕਾਂ ਦਾ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ 'ਤੇ ਮੋਹਰ ਹੈ ਅਤੇ ਦਿਹਾਤੀ ਪੰਜਾਬ ਦੇ ਲੋਕਾਂ ਨੇ 'ਆਪ' ਸਰਕਾਰ ਦੇ ਕੰਮਾਂ ਵਿਚ ਆਪਣਾ ਡੂੰਘਾ ਵਿਸ਼ਵਾਸ਼ ਜਤਾਇਆ ਹੈ | ਉਨ੍ਹਾਂ ਦੱਸਿਆ ਕਿ ਅਜਿਹੀਆਂ ਚੋਣਾਂ ਨੂੰ ਅਕਸਰ ਜਨਤਾ ਦੀ ਸੋਚ ਦੇ ਸ਼ੁਰੂਆਤੀ ਸੰਕੇਤ ਵਜੋਂ ਦੇਖਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਲ 2013 ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ, 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਬਾਅਦ ਹੀ ਹੋਈਆਂ ਸਨ | ਭਾਵ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਦਿਨਾਂ ਦੇ ਸਮੇਂ ਦੌਰਾਨ ਹੀ ਹੋਈਆਂ ਹਨ | ਇਸੇ ਤਰ੍ਹਾਂ 2018 ਦੀਆਂ ਇਹ ਚੋਣਾਂ ਵੀ ਸਾਲ 2017 ਵਿਚ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਹੋਈਆਂ ਪਰ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਉਦੋਂ ਹੋਈਆਂ ਹਨ ਜਦੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਮਹਿਜ ਇਕ ਸਾਲ ਰਹਿੰਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਇਹ ਨਤੀਜੇ ਸਪੱਸ਼ਟ ਤੌਰ 'ਤੇ ਮੌਜੂਦਾ ਸਰਕਾਰ ਦੇ ਕੰਮਾਂ ਵਿਚ ਲੋਕਾਂ ਦੇ ਠੋਸ ਵਿਸ਼ਵਾਸ਼ ਅਤੇ ਸੰਤੁਸ਼ਟੀ ਨੂੰ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ 2013 ਅਤੇ 2018 ਦੀਆਂ ਪੇਂਡੂ ਚੋਣਾਂ ਪੂਰੀ ਤਰ੍ਹਾਂ ਜ਼ੋਰ-ਜ਼ਬਰਦਸਤੀ ਅਧੀਨ ਹੋਈਆਂ ਸਨ ਅਤੇ ਇਨ੍ਹਾਂ ਚੋਣਾਂ ਜਾਂ ਵੋਟਾਂ ਦੀ ਗਿਣਤੀ ਦੀ ਕੋਈ ਵੀਡੀਓਗ੍ਰਾਫੀ ਨਹੀਂ ਹੋਈ ਸੀ | ਉਨ੍ਹਾਂ ਕਿਹਾ ਕਿ ਪੰਜਾਬ ਭਰ 'ਚ 580 ਸੀਟਾਂ ਅਜਿਹੀਆਂ ਹਨ ਜੋ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤੀਆਂ ਗਈਆਂ ਹਨ ਅਤੇ ਇਨ੍ਹਾਂ 580 ਸੀਟਾਂ 'ਚੋਂ 'ਆਪ' ਨੇ 100 ਤੋਂ ਘੱਟ ਵੋਟਾਂ ਦੇ ਫਰਕ ਨਾਲ 261 ਸੀਟਾਂ ਜਿੱਤੀਆਂ ਹਨ, ਜਦਕਿ ਵਿਰੋਧੀ ਧਿਰ ਨੇ 319 ਸੀਟਾਂ ਜਿੱਤੀਆਂ ਹਨ | ਜੇਕਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਾਂ ਦਬਾਅ ਬਣਾਉਣ ਦੀ ਰਣਨੀਤੀ ਦੀ ਕੋਈ ਗੱਲ ਹੁੰਦੀ ਤਾਂ ਸਿਰਫ਼ ਡੀ.ਸੀ. ਜਾਂ ਐਸ.ਡੀ.ਐਮ. ਨੂੰ ਇਕ ਫੋਨ ਕਾਲ ਕਰਨ ਨਾਲ ਵਿਰੋਧੀ ਧਿਰ ਵਲੋਂ ਜਿੱਤੀਆਂ ਗਈਆਂ 319 ਸੀਟਾਂ ਆਸਾਨੀ ਨਾਲ ਸਾਡੇ ਹੱਕ 'ਚ ਜਾ ਸਕਦੀਆਂ ਸਨ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ | ਕੇਜਰੀਵਾਲ ਨੇ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸੰਗਰੂਰ ਜ਼ਿਲ੍ਹੇ ਦੇ ਫੱਗਵਾਲਾ ਜ਼ੋਨ ਤੋਂ ਕਾਂਗਰਸ ਦੀ ਸਿਰਫ਼ 5 ਵੋਟਾਂ ਨਾਲ ਜਿੱਤੀ ਹੋਈ ਹੈ | ਸ੍ਰੀ ਮੁਕਤਸਰ ਸਾਹਿਬ ਵਿਚ ਕੋਟ ਭਾਈ ਜ਼ੋਨ ਤੋਂ ਕਾਂਗਰਸ ਸਿਰਫ਼ 41 ਵੋਟਾਂ ਨਾਲ ਜਿੱਤੀ | ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ | ਬਲਾਕ ਸੰਮਤੀਆਂ ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਲਖਨਪੁਰ ਵਾਰਡ ਵਿਚ ਕਾਂਗਰਸ ਨੇ 3 ਵੋਟਾਂ ਨਾਲ ਅਤੇ ਜਲੰਧਰ ਦੇ ਗਿੱਲ ਵਿਚ ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਲੁਧਿਆਣਾ ਦੇ ਬਾਜਰਾ ਵਿਚ ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਗੁਰਦਾਸਪੁਰ ਦੇ ਚੱਗੂਵਾਲਾ ਵਿਚ ਕਾਂਗਰਸ 4 ਵੋਟਾਂ ਨਾਲ ਜਿੱਤੀ ਹੈ | ਹੁਸ਼ਿਆਰਪੁਰ ਦੇ ਘੋੜੇਵਾਹਾ (ਟਾਂਡਾ) ਵਿਚ ਕਾਂਗਰਸ ਨੇ 4 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ |
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਆਪ' ਨੇ ਬਲਾਕ ਸੰਮਤੀ ਵਿਚ 1800 ਤੋਂ ਵੱਧ ਸੀਟਾਂ ਅਤੇ 250 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਪ੍ਰਾਪਤ ਕੀਤੀਆਂ ਹਨ ਜੋ ਕਿ ਕਾਂਗਰਸ ਨਾਲੋਂ ਚਾਰ ਗੁਣਾ, ਅਕਾਲੀ ਦਲ ਨਾਲੋਂ ਪੰਜ ਗੁਣਾ ਅਤੇ ਭਾਜਪਾ ਨਾਲੋਂ 20 ਗੁਣਾ ਵੱਧ ਸੀਟਾਂ ਹਨ | ਉਨ੍ਹਾਂ ਨੇ ਸੂਬੇ ਦੇ ਲੋਕਾਂ ਦਾ ਵਿਰੋਧੀ ਧਿਰ ਦੇ ਝੂਠੇ ਪ੍ਰਚਾਰ ਵਿਚ ਨਾ ਆਉਣ ਅਤੇ 'ਆਪ' ਦੀ ਭਲਾਈ ਪ੍ਰਤੀ ਵਚਨਬੱਧਤਾ ਵਿਚ ਆਪਣਾ ਵਿਸ਼ਵਾਸ ਜਤਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ 'ਆਪ' ਅਤੇ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨਾ ਯਕੀਨੀ ਬਣਾਉਣਗੇ | ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ 'ਤੇ ਨਹੀਂ, ਸਗੋਂ ਵਿਕਾਸ ਦੇ ਮੁੱਦਿਆਂ 'ਤੇ ਲੋਕਾਂ ਕੋਲ ਜਾਵੇਗੀ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਰੌਲਾ-ਰੱਪਾ ਬੇਬੁਨਿਆਦ ਹੈ ਕਿਉਂਕਿ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਸਾਰੀ ਚੋਣ ਪ੍ਰਕਿਰਿਆ ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਧੂਰੀ ਵਿਚ 9 ਵੋਟਾਂ ਨਾਲ, ਝੁਨੀਰ ਵਿਚ 30 ਵੋਟਾਂ ਨਾਲ, ਭਰਤਗੜ੍ਹ ਵਿਚ 40 ਵੋਟਾਂ ਨਾਲ ਜਿੱਤੀ, ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੁਮਾਇੰਦਗੀ ਵਾਲੇ ਖੇਤਰ ਵਿਚ ਵੀ ਕਾਂਗਰਸ ਬਹੁਤ ਆਰਾਮ ਨਾਲ ਜਿੱਤ ਗਈ | ਮੁੱਖ ਮੰਤਰੀ ਨੇ ਕਿਹਾ ਕਿ 70 ਤੋਂ 75 ਸਾਲਾਂ ਵਿਚ ਪਹਿਲੀ ਵਾਰ ਪੰਜਾਬ 'ਚ ਨਹਿਰੀ ਪਾਣੀ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਿਆ ਹੈ ਅਤੇ ਲੋਕ ਦੱਸਦੇ ਸਨ ਕਿ ਉਹ ਪਾਣੀ ਲਈ ਤਰਸ ਰਹੇ ਸਨ | ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਕਿਸਾਨਾਂ ਨੂੰ ਆਪਣੇ ਟਿਊਬਵੈੱਲ ਚਲਾਉਣ ਲਈ ਤੜਕੇ 3 ਵਜੇ ਉੱਠਣਾ ਪੈਂਦਾ ਸੀ, ਕਿਉਂਕਿ ਬਿਜਲੀ ਵੇਲੇ-ਕੁਵੇਲੇ ਕੁਝ ਘੰਟਿਆਂ ਵਾਸਤੇ ਹੀ ਆਉਂਦੀ ਸੀ ਅਤੇ ਉਨ੍ਹਾਂ ਦੀ ਸਰਕਾਰ ਵਿਚ ਕਿਸਾਨਾਂ ਨੂੰ ਦਿਨ ਵਿਚ ਲਗਾਤਾਰ 8 ਘੰਟੇ ਬਿਜਲੀ ਮਿਲਦੀ ਹੈ | ਇਸ ਲਈ ਉਨ੍ਹਾਂ ਨੂੰ ਰਾਤ ਨੂੰ ਜਾਗਣ ਦੀ ਲੋੜ ਨਹੀਂ ਪੈਂਦੀ ਅਤੇ ਹੁਣ ਲੋਕ ਬਹੁਤ ਖੁਸ਼ ਹਨ | ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਬਿਜਲੀ ਨੇ ਵੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਅੱਜ ਪੰਜਾਬ ਦੇ 90 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਘਰ 'ਚ ਮੁਫ਼ਤ ਬਿਜਲੀ ਮਿਲਦੀ ਹੈ | ਸਰਕਾਰ ਵਲੋਂ ਪੂਰੇ ਪੰਜਾਬ 'ਚ 43,000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ 19,000 ਕਿਲੋਮੀਟਰ ਪੇਂਡੂ ਸੜਕਾਂ ਹਨ | ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ 58,000 ਬੱਚਿਆਂ, ਗਰੀਬ ਪਰਿਵਾਰਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ | ਸਿੱਖਿਆ ਅਤੇ ਸਿਹਤ ਸੰਭਾਲ ਵਿਚ ਵੀ ਵੱਡੇ ਬਦਲਾਅ ਆਏ ਹਨ ਅਤੇ ਸਕੂਲਾਂ 'ਚ ਬਹੁਤ ਸੁਧਾਰ ਹੋਇਆ ਹੈ | ਸੂਬੇ 'ਚ ਕਰੀਬ 1,000 ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਲਗਾਤਾਰ ਫੀਡਬੈਕ ਮਿਲ ਰਿਹਾ ਹੈ | ਸਰਕਾਰੀ ਹਸਪਤਾਲਾਂ ਦੇ ਇਲਾਜ ਵਿਚ ਵੀ ਕਾਫ਼ੀ ਸੁਧਾਰ ਹੋਇਆ ਹੈ | ਇਸ ਮੌਕੇ ਕੈਬਨਿਟ ਮੰਤਰੀ ਅਤੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੀ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਭਾਰੀ ਬਹੁਮਤ ਨਾਲ ਜਿੱਤ ਵਿਕਾਸ ਕਾਰਜਾਂ 'ਤੇ ਮੋਹਰ-ਕੇਜਰੀਵਾਲ <br/>
ਅਜੀਤ ਡੈਸਕ
19-12-2025