ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਪਾੜੀਆਂ ਬਿੱਲ ਦੀਆਂ ਕਾਪੀਆਂ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਦਸੰਬਰ-ਕੇਂਦਰ ਸਰਕਾਰ ਵਲੋਂ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰਾਂ ਦੀ ਜ਼ੋਰਦਾਰ ਮੁਖ਼ਾਲਫ਼ਤ ਦੇ ਵਿਚਕਾਰ 'ਵੀਬੀ-ਜੀ ਰਾਮ ਜੀ' ਬਿੱਲ ਨੂੰ ਪਾਸ ਕਰਵਾ ਲਿਆ ਗਿਆ, ਜੋ 20 ਸਾਲ ਪੁਰਾਣੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਦੀ ਥਾਂ ਲਵੇਗਾ | ਵਿਕਸ਼ਤ ਭਾਰਤ ਗਾਰੰਟੀ ਰੁਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) (ਵੀਬੀ-ਜੀ ਰਾਮ ਜੀ) ਬਿੱਲ ਨੂੰ ਲੋਕ ਸਭਾ ਵਲੋਂ ਮਨਜ਼ੂਰੀ ਦੇਣ ਤੋਂ ਕੁਝ ਘੰਟਿਆਂ ਬਾਅਦ ਰਾਜ ਸਭਾ ਵਲੋਂ ਵੀ ਇਸ ਨੂੰ ਆਵਾਜ਼ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ | ਰਾਜ ਸਭਾ 'ਚ ਬਿੱਲ 'ਤੇ ਪੰਜ ਘੰਟੇ ਚੱਲੀ ਚਰਚਾ ਦਾ ਜਵਾਬ ਦਿੰਦੇ ਹੋਏ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਚÏਹਾਨ ਨੇ ਕਾਂਗਰਸ 'ਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਕਈ ਵਾਰ ਹੱਤਿਆ ਕਰਨ ਅਤੇ ਰਾਜਨੀਤਿਕ ਲਾਭਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਨਾਂਅ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ¢ਚੌਹਾਨ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਦੇ ਸ਼ਾਸਨ ਦੌਰਾਨ ਮਨਰੇਗਾ ਭਿ੍ਸ਼ਟਾਚਾਰ ਨਾਲ ਭਰਿਆ ਹੋਇਆ ਸੀ ਅਤੇ ਨਿਰਧਾਰਤ ਕੰਮਾਂ ਲਈ ਸਮਗਰੀ ਦੀ ਖਰੀਦ ਤੇ ਉਮੀਦ ਅਨੁਸਾਰ ਫੰਡ ਖਰਚ ਨਹੀਂ ਕੀਤੇ ਜਾਂਦੇ ਸਨ¢ ਇਸ ਤੋਂ ਪਹਿਲਾਂ ਲੋਕ ਸਭਾ 'ਚ ਚੌਹਾਨ ਦੇ ਪੂਰੇ ਭਾਸ਼ਨ ਦੇ ਦੌਰਾਨ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਸਭਾ ਦੇ ਵਿਚਕਾਰ ਨਾ ਸਿਰਫ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਹੱਥ 'ਚ ਫੜ ਕੇ ਪ੍ਰਦਰਸ਼ਨ ਕਰਦੇ ਰਹੇ, ਸਗੋਂ 'ਵੀ ਵਾਂਟ ਮਨਰੇਗਾ' ਦੇ ਨਾਅਰੇ ਵੀ ਲਗਾਉਂਦੇ ਰਹੇ | ਹੰਗਾਮਿਆਂ 'ਚ ਪਾਸ ਹੋਏ ਬਿੱਲ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਲਈ ਉਠਾ ਦਿੱਤੀ |
ਬਾਪੂ ਸਾਡੀ ਆਸਥਾ, ਸਾਡੀ ਪ੍ਰੇਰਨਾ-ਸ਼ਿਵਰਾਜ
ਕੇਂਦਰੀ ਮੰਤਰੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਹੀ ਮਹਾਤਮਾ ਗਾਂਧੀ ਪ੍ਰਤੀ ਭਾਜਪਾ ਦੀ ਆਸਥਾ ਦੇ ਪ੍ਰਗਟਾਵੇ ਨਾਲ ਕੀਤੀ | ਉਨ੍ਹਾਂ ਕਿਹਾ ਕਿ ਬਾਪੂ ਸਾਡੀ ਪ੍ਰੇਰਨਾ, ਸਾਡੀ ਆਸਥਾ ਅਤੇ ਸਾਡਾ ਵਿਸ਼ਵਾਸ ਹਨ | ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਹੀ ਕਿਹਾ ਸੀ ਕਿ ਪਿੰਡ ਭਾਰਤ ਦੀ ਆਤਮਾ ਹਨ, ਜੇਕਰ ਪਿੰਡ ਮਰ ਜਾਣਗੇ ਤਾਂ ਭਾਰਤ ਮਰ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਬਿੱਲ ਪਿੰਡਾਂ ਦੇ ਵਿਕਾਸ ਦਾ ਬਿੱਲ ਹੈ | ਖੇਤੀ ਮੰਤਰੀ ਆਪਣੇ ਭਾਸ਼ਨ ਦੇ ਜ਼ਿਆਦਾਤਰ ਹਿੱਸੇ 'ਚ ਮਹਾਤਮਾ ਗਾਂਧੀ ਪ੍ਰਤੀ ਸਤਿਕਾਰ ਦੀ ਭਾਵਨਾ ਸੰਬੰਧੀ ਵਿਚਾਰ ਪ੍ਰਗਟ ਕਰਦੇ ਨਜ਼ਰ ਆਏ ਕਿਉਂਕਿ ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਸਰਕਾਰ ਮਨਰੇਗਾ, ਜਿਸ ਨੂੰ ਹਟਾ ਕੇ ਨਵਾਂ ਬਿੱਲ 'ਵੀ. ਬੀ.-ਜੀ ਰਾਮ ਜੀ' ਲਿਆਂਦਾ ਗਿਆ ਹੈ, 'ਚੋਂ ਮਹਾਤਮਾ ਗਾਂਧੀ ਦਾ ਨਾਂਅ ਹਟਾ ਕੇ ਉਨ੍ਹਾਂ (ਗਾਂਧੀ) ਦਾ ਅਪਮਾਨ ਕਰ ਰਹੀ ਹੈ | ਚੌਹਾਨ ਨੇ ਪਿ੍ਅੰਕਾ ਗਾਂਧੀ ਵਲੋਂ ਦਿੱਤੇ ਭਾਸ਼ਨ 'ਤੇ ਟਿੱਪਣੀ ਵੀ ਕੀਤੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪਤਾ ਨਹੀਂ ਸਰਕਾਰ ਨੂੰ ਨਾਂਅ ਬਦਲਣ ਦੀ ਕੀ ਸਨਕ ਹੈ | ਉਨ੍ਹਾਂ ਕਿਹਾ ਕਿ ਨਾਂਅ ਰੱਖਣ ਦੀ ਸਨਕ ਕਾਂਗਰਸ ਦੀ ਹੈ | ਉਨ੍ਹਾਂ ਨਹਿਰੂ ਗਾਂਧੀ ਪਰਿਵਾਰ ਦੇ ਨਾਂਅ 'ਤੇ ਯੋਜਨਾਵਾਂ ਤੋਂ ਲੈ ਕੇ ਸੜਕਾਂ, ਸੰਸਥਾਵਾਂ, ਯੋਜਨਾਵਾਂ ਦੇ ਨਾਂਅ ਗਿਣਾਉਂਦਿਆਂ ਕਿਹਾ ਕਿ ਰਾਜ ਸਰਕਾਰ ਦੀਆਂ 25 ਯੋਜਨਾਵਾਂ ਦੇ ਨਾਂਅ ਰਾਜੀਵ ਗਾਂਧੀ ਅਤੇ 27 ਨਾਂਅ ਇੰਦਰਾ ਗਾਂਧੀ ਦੇ ਨਾਂਅ 'ਤੇ ਹਨ | 15 ਰਾਸ਼ਟਰੀ ਪਾਰਕ ਵੀ ਨਹਿਰੂ ਗਾਂਧੀ ਪਰਿਵਾਰ ਦੇ ਨਾਂਅ 'ਤੇ ਹਨ |
ਭਾਰੀ ਹੰਗਾਮੇ ਦਰਮਿਆਨ ਸੰਸਦ ਵਲੋਂ 'ਜੀ ਰਾਮ ਜੀ' ਬਿੱਲ ਪਾਸ
ਅਜੀਤ ਡੈਸਕ
19-12-2025