ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ
ਸ੍ਰੀ ਚਮਕੌਰ ਸਾਹਿਬ, 20 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਗੜ੍ਹੀ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਇਥੋਂ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋ ਗਿਆ | ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਯਾਦਗਾਰ ਅਸਥਾਨ ਸ਼ਹੀਦਾਂ ਹੇਮਕੁੰਟ ਲੰਗਰ ਅਸਥਾਨ ਸਮੇਤ ਸਮੂਹ ਗੁਰੂ ਘਰਾਂ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਦੌਰਾਨ ਗੁਰਦੁਆਰਾ ਸਾਹਿਬਾਨ ਵਿਖੇ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ 'ਚ ਢਾਡੀ ਦਰਬਾਰ ਦੀ ਸ਼ੁਰੂਆਤ ਹੋਈ | ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਸ਼ੋ੍ਰਮਣੀ ਕਮੇਟੀ ਅਤੇ ਸੰਗਤ ਵਲੋਂ ਲੰਗਰ ਕਮੇਟੀਆਂ ਨੂੰ ਸਾਦੇ ਲੰਗਰ ਵਰਤਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਸ਼ਹੀਦੀ ਜੋੜ ਮੇਲ ਵਿਚ ਸ਼ਮੂਲੀਅਤ ਕਰਨ ਲਈ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵੀ ਪੁੱਜ ਗਈਆਂ ਹਨ | ਮਕੜੋਨਾਂ ਕਲਾਂ ਤੋਂ ਬਾਬਾ ਬਹਾਦਰ ਸਿੰਘ ਮਕੜੋਨੇ ਵਾਲਿਆਂ ਦੇ ਪ੍ਰਬੰਧਾਂ ਹੇਠ ਸਜਾਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਬਾਬਾ ਗੁਰਮੇਲ ਸਿੰਘ ਖ਼ਾਲਸਾ, ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲੇ, ਬਾਬਾ ਸੁਖਬੀਰ ਸਿੰਘ ਕੰਧੋਲਾ ਵਾਲੇ, ਬਾਬਾ ਧਰਮ ਸਿੰਘ ਸਮੇਤ ਸੰਗਤ ਹਾਜ਼ਰ ਸੀ | ਇਥੇ ਪੁੱਜਣ 'ਤੇ ਨਗਰ ਕੀਰਤਨ ਦਾ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਭਾਈ ਨਰਿੰਦਰ ਸਿੰਘ ਸੋਲਖੀਆਂ, ਰਵਿੰਦਰ ਸਿੰਘ, ਗੁਰਨਾਮ ਸਿੰਘ, ਲਵਪ੍ਰੀਤ ਸਿੰਘ ਸਮੇਤ ਸੰਗਤ ਨੇ ਭਰਵਾਂ ਸਵਾਗਤ ਕੀਤਾ |
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਆਰੰਭ
ਅਜੀਤ ਡੈਸਕ
21-12-2025