2 ਵਿਅਕਤੀਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪੈਂਦੀਆਂ ਰਸੂਲਪੁਰ ਨਹਿਰਾਂ ਤੋਂ ਸੈਲੂਨ ਤੋਂ ਵਾਪਿਸ ਘਰ ਨੂੰ ਜਾਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀ ਇਕ ਲੜਕੀ ਦੀ 2 ਵਿਅਕਤੀਆਂ ਨੇ ਹੱਤਿਆ ਕਰ ਦਿੱਤੀ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਐੱਸ. ਪੀ. (ਡੀ) ਜਗਜੀਤ ਸਿੰਘ, ਡੀ. ਐੱਸ. ਪੀ. ਗੋਇੰਦਵਾਲ ਅਤੁਲ ਸੋਨੀ, ਐੱਸ. ਐੱਚ. ਓ. ਸਦਰ ਗੁਰਚਰਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਮੰਗਲ ਸਿੰਘ ਵਾਸੀ ਬਨਵਾਲੀਪੁਰ ਨੇ ਦੱਸਿਆ ਕਿ ਉਸ ਦੀ ਧੀ ਨਵਰੂਪ ਕੌਰ (24) ਨੇ ਨੌਕਰੀ ਨਾ ਮਿਲਣ ਕਾਰਨ ਕੁਝ ਦਿਨ ਪਹਿਲਾਂ ਹੀ ਸੈਲੂਨ 'ਤੇ ਜਾਣਾ ਸ਼ੁਰੂ ਕੀਤਾ ਸੀ | ਅੱਜ ਸ਼ਾਮ 5 ਵਜੇ ਦੇ ਕਰੀਬ ਜਦ ਉਹ ਤਰਨ ਤਾਰਨ ਤੋਂ ਘਰ ਨੂੰ ਵਾਪਿਸ ਆ ਰਹੀ ਸੀ ਤੇ ਰਸੂਲਪੁਰ ਨਹਿਰਾਂ ਤੋਂ ਬੱਸ ਤੋਂ ਉਤਰ ਕੇ ਪਿੰਡ ਬਨਵਾਲੀਪੁਰ ਜਾਣ ਲਈ ਆਟੋ ਰਿਕਸ਼ੇ ਦੀ ਉਡੀਕ ਕਰ ਰਹੀ ਸੀ | ਉਥੇ ਆਏ 2 ਵਿਅਕਤੀਆਂ ਵਿਚੋਂ ਇਕ ਵਿਅਕਤੀ ਨੇ ਉਸਦੀ ਲੜਕੀ ਦੇ ਸਿਰ ਵਿਚ ਗੋਲੀ ਮਾਰ ਦਿੱਤੀ | ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਨਵਰੂਪ ਕੌਰ ਨੂੰ ਨਾਜ਼ੁਕ ਹਾਲਤ ਵਿਚ ਪਹਿਲਾਂ ਗੁਰੂ ਨਾਨਕ ਦੇਵ ਸੁਪਰਸਪੈਸਲਿਸਟ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਬਾਅਦ ਵਿਚ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਗਿਆ | ਜਿਥੇ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ | ਨਵਰੂਪ ਦੇ ਪਿਤਾ ਨੇ ਦੋਸ਼ ਲਗਾਇਆ ਕਿ ਪਿੰਡ ਦੇ ਅਰਜਨ ਨਾਮਕ ਵਿਅਕਤੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਤਰਨ ਤਾਰਨ ਨੇੜੇ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
21-12-2025