ਅੰਮਿ੍ਤਸਰ, 20 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਜਾਫ਼ਰ ਐਕਸਪ੍ਰੈੱਸ ਗੱਡੀ 'ਚ ਇਕ ਵੱਡਾ ਧਮਾਕਾ ਹੋਇਆ | ਸ਼ੱਕੀ ਅੱਤਵਾਦੀਆਂ ਨੇ ਜਾਫ਼ਰ ਐਕਸਪ੍ਰੈੱਸ ਸਮੇਤ ਦੋ ਰੇਲਗੱਡੀਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਬੰਬ ਧਮਾਕੇ ਕੀਤੇ, ਜਿਸ ਨਾਲ ਰੇਲਵੇ ਪਟੜੀਆਂ ਨੂੰ ਨੁਕਸਾਨ ਪਹੁੰਚਿਆ ਅਤੇ ਰੇਲ ਆਵਾਜਾਈ ਸੇਵਾਵਾਂ 'ਚ ਵਿਘਨ ਪੈ ਗਿਆ | ਕੋਇਟਾ ਦੇ ਐੱਸ.ਐੱਸ.ਪੀ. ਸ਼ਾਹਿਦ ਨਵਾਜ਼ ਨੇ ਦੱਸਿਆ ਕਿ ਮੁਸ਼ਕਫ਼ 'ਚ ਹੋਏ ਬੰਬ ਧਮਾਕੇ ਨੇ ਲਗਭਗ ਤਿੰਨ ਫੁੱਟ ਤੱਕ ਪਟੜੀ ਨੂੰ ਨੁਕਸਾਨ ਪਹੁੰਚਾਇਆ, ਜਦੋਂ ਕਿ ਦਸ਼ਤ ਖੇਤਰ 'ਚ ਇਕ ਹੋਰ ਧਮਾਕੇ ਨੇ ਵੀ ਭਾਰੀ ਨੁਕਸਾਨ ਪਹੁੰਚਾਇਆ | ਦੋਵਾਂ ਹਮਲਿਆਂ 'ਚ ਜਾਫ਼ਰ ਐਕਸਪ੍ਰੈੱਸ ਅਤੇ ਬੋਲਾਨ ਮੇਲ ਯਾਤਰੀ ਟ੍ਰੇਨਾਂ ਨੂੰ ਨਿਸ਼ਾਨਾ ਬਣਾਇਆ ਗਿਆ | ਧਮਾਕਿਆਂ ਕਾਰਨ ਮੁੱਖ ਲਾਈਨ 'ਤੇ ਪਟੜੀ ਨੂੰ ਨੁਕਸਾਨ ਹੋਣ ਕਾਰਨ ਰੇਲ ਸੇਵਾਵਾਂ ਅਸਥਾਈ ਤੌਰ 'ਤੇ ਠੱਪ ਹੋ ਗਈਆਂ | ਐੱਸ.ਐੱਸ.ਪੀ. ਨਵਾਜ਼ ਨੇ ਕਿਹਾ ਕਿ ਕੋਇਟਾ ਤੋਂ ਦੂਜੇ ਪਾਕਿਸਤਾਨੀ ਸੂਬਿਆਂ ਲਈ ਯਾਤਰੀ ਟ੍ਰੇਨਾਂ ਦੇ ਸ਼ਡਿਊਲ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਪ੍ਰਾਪਤ ਕੀਤੀ ਜਾਵੇਗੀ | ਇਕ ਰੇਲਵੇ ਅਧਿਕਾਰੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ 'ਚ ਵਿਦਰੋਹੀ ਸਮੂਹਾਂ ਨੇ ਜਾਫ਼ਰ ਐਕਸਪ੍ਰੈੱਸ ਅਤੇ ਬੋਲਾਨ ਮੇਲ 'ਤੇ ਘੱਟੋ-ਘੱਟ ਤਿੰਨ ਵਾਰ ਹਮਲਾ ਕੀਤਾ ਹੈ, ਜਿਸ ਨਾਲ ਪਟੜੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ |