ਧੁੰਦ ਕਾਰਨ ਪ੍ਰਧਾਨ ਮੰਤਰੀ ਦਾ ਕੋਲਕਾਤਾ ਤੋਂ ਵਰਚੂਅਲ ਭਾਸ਼ਨ
ਕੋਲਕਾਤਾ, 20 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ 'ਚ ਤਿ੍ਣਮੂਲ ਕਾਂਗਰਸ 'ਤੇ ਹਮਲਾ ਕਰਦਿਆਂ ਸੂਬੇ ਦੀ ਮੌਜੂਦਾ ਸਥਿਤੀ ਨੂੰ ਮਹਾਂ ਜੰਗਲ ਰਾਜ ਦੱਸਿਆ ਅਤੇ ਦੋਸ਼ ਲਾਇਆ ਕਿ ਸੱਤਾਧਾਰੀ ਸਰਕਾਰ ਦੇ ਭਿ੍ਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਨੇ ਰਾਜ 'ਚ ਵਿਕਾਸ ਨੂੰ ਰੋਕ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਬੰਗਾਲ 'ਚ ਟੀ.ਐਮ.ਸੀ. ਦੇ ਮਹਾਂ ਜੰਗਲ ਰਾਜ ਨੂੰ ਖਤਮ ਕਰ ਦੇਵਾਂਗੇ | ਪ੍ਰਧਾਨ ਮੰਤਰੀ ਨੇ ਗੁਹਾਟੀ ਦੇ ਲੋਕਪਿ੍ਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ | ਇੰਟੇਗਰੇਟਿਡ ਟਰਮੀਨਲ 2 ਇਮਾਰਤ ਨੂੰ ਹਰ ਸਾਲ 1.31 ਕਰੋੜ ਯਾਤਰੀਆਂ ਨੂੰ ਸੰਭਾਲਣ ਲਈ ਡਿਜ਼ਾਈਨ ਕੀਤਾ ਗਿਆ ਹੈ | ਨਾਦੀਆ ਜ਼ਿਲ੍ਹੇ 'ਚ ਤਾਹਿਰਪੁਰ ਵਿਖੇ ਭਾਰੀ ਇਕੱਤਰਤਾ ਨੂੰ ਕੋਲਕਾਤਾ ਤੋਂ ਫੋਨ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਨੂੰ ਸੂਬੇ 'ਚ ਡਬਲ ਇੰਜਣ ਦੀ ਸਰਕਾਰ ਬਣਾਉਣ ਲਈ 2026 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕੀਤੀ | ਰੈਲੀ ਵਾਲੇ ਸਥਾਨ 'ਤੇ ਸੰਘਣੀ ਧੁੰਦ ਕਾਰਨ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਤਾਹਿਰਪੁਰ 'ਚ ਬਣਾਏ ਗਏ ਅਸਥਾਈ ਹੈਲੀਪੈਡ 'ਤੇ ਨਹੀਂ ਉੱਤਰ ਸਕਿਆ ਅਤੇ ਉਨ੍ਹਾਂ ਨੂੰ ਕੋਲਕਾਤਾ ਹਵਾਈ ਅੱਡੇ ਮੁੜਨਾ ਪਿਆ, ਜਿਥੋਂ ਬਾਅਦ 'ਚ ਉਨ੍ਹਾਂ ਵਰਚੂਅਲ ਮੋਡ 'ਚ ਇਕੱਤਰਤਾ ਨੂੰ ਸੰਬੋਧਨ ਕੀਤਾ | ਬੰਗਾਲ 'ਚ ਐਸ.ਆਈ.ਆਰ. ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਰੈਲੀ ਨਦੀਆ ਜ਼ਿਲ੍ਹੇ ਦੇ ਤਾਹਿਰਪੁਰ ਵਿਖੇ ਹੋਣੀ ਸੀ ਪਰ ਖਰਾਬ ਮੌਸਮ ਅਤੇ ਭਾਰੀ ਧੁੰਦ ਕਾਰਨ ਉਨ੍ਹਾਂ ਦਾ ਜਹਾਜ਼ ਰੈਲੀ ਵਾਲੀ ਥਾਂ ਨਹੀਂ ਪੁੱਜ ਸਕਿਆ | ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਰੈਲੀ 'ਚ ਨਾ ਪੁੱਜ ਸਕਣ ਲਈ ਲੋਕਾਂ ਤੋਂ ਮੁਆਫੀ ਮੰਗਦਿਆਂ ਵੰਦੇ ਮਾਤਰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਨੂੰ ਰਾਸ਼ਟਰ ਦਾ ਮੰਤਰ ਬਣਾਉਣਾ ਹੈ |
ਬੰਗਾਲ 'ਚੋਂ ਤਿ੍ਣਮੂਲ ਦੇ ਮਹਾਂ ਜੰਗਲ ਰਾਜ ਨੂੰ ਖ਼ਤਮ ਕਰ ਦਿਆਂਗੇ-ਮੋਦੀ
ਅਜੀਤ ਡੈਸਕ
21-12-2025