ਨਵੀਂ ਦਿੱਲੀ, 21 ਦਸੰਬਰ (ਪੀ. ਟੀ. ਆਈ.)-ਏਅਰ ਇੰਡੀਆ ਐਕਸਪ੍ਰੈਸ ਅਗਲੇ ਹਫ਼ਤੇ ਉਸ ਘਟਨਾ ਦੀ ਜਾਂਚ ਲਈ ਇਕ ਬਾਹਰੀ ਕਮੇਟੀ ਬਣਾਏਗੀ ਜਿਸ ਵਿੱਚ ਸ਼ੁੱਕਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਇੱਕ ਆਫ-ਡਿਊਟੀ ਕੈਪਟਨ ਨੇ ਇੱਕ ਮੁਸਾਫਿਰ ਨਾਲ ਕੁੱਟਮਾਰ ਕੀਤੀ ਸੀ | ਸ਼ੁੱਕਰਵਾਰ ਨੂੰ ਵਾਪਰੀ ਘਟਨਾ ਤੋਂ ਤੁਰੰਤ ਬਾਅਦ, ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਨੂੰ ਸਪੱਸ਼ਟੀਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ | ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਕ ਪਾਇਲਟ ਵਰਕਰ ਸ਼੍ਰੇਣੀ 'ਚ ਆਉਂਦਾ ਹੈ | ਸੂਤਰਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਅਗਲੇ ਹਫ਼ਤੇ ਇੱਕ ਬਾਹਰੀ ਜਾਂਚ ਕਮੇਟੀ ਬਣਾਈ ਜਾਵੇਗੀ | ਇਹ ਘਟਨਾ ਸ਼ੁੱਕਰਵਾਰ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 (ਟੀ1) 'ਤੇ ਵਾਪਰੀ ਸੀ | ਮੁਸਾਫਿਰ ਅੰਕਿਤ ਦੀਵਾਨ ਨੇ ਸ਼ੁੱਕਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ, ਜਿਸ 'ਚ ਝਗੜੇ ਤੋਂ ਬਾਅਦ ਉਸਦੇ ਚਿਹਰੇ 'ਤੇ ਖੂਨ ਦਿਖਾਈ ਦੇ ਰਿਹਾ ਹੈ¢ ਉਸਨੇ ਪਾਇਲਟ ਵਰਿੰਦਰ ਸੇਜਵਾਲ ਦੀ ਇਕ ਫੋਟੋ ਵੀ ਸਾਂਝੀ ਕੀਤੀ | ਸਨਿਚਰਵਾਰ ਨੂੰ , ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਉਸਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਏਅਰਲਾਈਨ ਨੂੰ ਪਾਇਲਟ ਨੂੰ ਤੁਰੰਤ ਜ਼ਮੀਨ 'ਤੇ ਉਤਾਰਨ ਦੇ ਨਿਰਦੇਸ਼ ਦਿੱਤੇ ਹਨ | ਮੰਤਰਾਲੇ ਨੇ ਐਕਸ 'ਤੇ ਇਕ ਪੋਸਟ 'ਚ ਦੀਵਾਨ ਦੀ ਪੋਸਟ ਦੇ ਜਵਾਬ 'ਚ ਕਿਹਾ ਸੀ, 'ਇਕ ਰਸਮੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ, ਬੀ. ਸੀ. ਏ. ਐੱਸ. ਅਤੇ ਸੀ. ਆਈ. ਐੱਸ. ਐੱਫ. ਤੋਂ ਵਿਸਤਿ੍ਤ ਰਿਪੋਰਟਾਂ ਮੰਗੀਆਂ ਗਈਆਂ ਹਨ¢' ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ, ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਉਸਨੂੰ ਦਿੱਲੀ ਹਵਾਈ ਅੱਡੇ 'ਤੇ ਇੱਕ ਘਟਨਾ ਬਾਰੇ ਪਤਾ ਹੈ ਜਿਸ 'ਚ ਉਸਦੇ ਇਕ ਕਰਮਚਾਰੀ, ਜੋ ਕਿ ਕਿਸੇ ਹੋਰ ਏਅਰਲਾਈਨ 'ਚ ਮੁਸਾਫਿਰ ਵਜੋਂ ਯਾਤਰਾ ਕਰ ਰਿਹਾ ਸੀ, ਤੇ ਇਕ ਹੋਰ ਮੁਸਾਫਿਰ ਨਾਲ ਝਗੜਾ ਹੋਇਆ ਸੀ | ਅਸੀਂ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹਾਂ¢ ਸਬੰਧਤ ਕਰਮਚਾਰੀ ਨੂੰ ਜਾਂਚ ਤੱਕ ਤੁਰੰਤ ਪ੍ਰਭਾਵ ਨਾਲ ਸਰਕਾਰੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ | ਏਅਰਲਾਈਨ ਨੇ ਕਿਹਾ ਸੀ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਏਅਰ ਇੰਡੀਆ ਐਕਸਪ੍ਰੈਸ ਦੇ ਅਧਿਕਾਰੀਆਂ ਨੇ ਮੁਸਾਫਿਰ ਨਾਲ ਵੀ ਸੰਪਰਕ ਕੀਤਾ ਸੀ |