ਬੀ.ਐਸ.ਐਫ. ਕਾਂਸਟੇਬਲ ਭਰਤੀ 'ਚ ਅਗਨੀਵੀਰਾਂ ਨੂੰ ਮਿਲੇਗਾ
ਅਜੀਤ ਡੈਸਕ
22-12-2025
ਨਵੀਂ ਦਿੱਲੀ, 21 ਦਸੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਬੀ. ਐਸ. ਐਫ. ਭਰਤੀ ਨੇਮਾਂ 'ਚ ਸੋਧ ਕਰਦਿਆਂ ਜਨਰਲ ਡਿਊਟੀ ਕੇਡਰ 'ਚ 50 ਫ਼ੀਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੇਂ ਕੀਤੇ ਹਨ | ਨਵੇਂ ਨੇਮ 18 ਦਸੰਬਰ, 2025 ਤੋਂ ਲਾਗੂ ਹੋ ਚੁੱਕੇ ਹਨ | ਇਹ ਫ਼ੈਸਲਾ ਸਰਕਾਰੀ ਸੁਰੱਖਿਆ ਬਲ ਐਕਟ 1968 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਲਿਆ ਗਿਆ ਹੈ | ਨਵੇਂ ਨੇਮਾਂ 'ਚ ਸਰਹੱਦੀ ਸੁਰੱਖਿਆ ਬਲ, ਜਨਰਲ ਕੇਡਰ (ਨਾਨ-ਗਜ਼ਟਿਡ) ਭਰਤੀ (ਸੋਧ) ਨੇਮ 2025 ਨਾਂਅ ਦਿੱਤਾ ਗਿਆ | ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ 75 ਫ਼ੀਸਦੀ ਅਗਨਵੀਰਾਂ ਦੇ ਲਈ ਵੱਡੀ ਰਾਹਤ ਵਾਲੀ ਗੱਲ ਹੈ | ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਬੀ. ਐਸ. ਐਫ. 'ਚ ਕਾਂਸਟੇਬਲ ਪੱਧਰ ਦੀ ਭਰਤੀ 'ਚ 50 ਫ਼ੀਸਦੀ ਕੋਟਾ ਸਾਬਕਾ ਅਗਨੀਵੀਰਾਂ ਲਈ ਰਾਖਵਾਂ ਕੀਤਾ ਗਿਆ | ਇਹ ਪਹਿਲਾਂ ਦਿੱਤੇ ਗਏ 10 ਫ਼ੀਸਦੀ ਦੇ ਕੋਟੇ 'ਚ ਪੰਜ ਗੁਣਾ ਵਾਧਾ ਹੈ | ਬੀ. ਐਸ. ਐਫ. 'ਚ ਭਰਤੀ ਲਈ 18 ਤੋਂ 23 ਸਾਲ ਦੀ ਉਮਰ ਦੇ ਉਮੀਦਵਾਰ ਦਰਖਾਸਤ ਦੇ ਸਕਦੇ ਹਨ | ਸਾਬਕਾ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਲਈ ਉਪਰੀ ਉਮਰ ਹੱਦ 'ਚ 5 ਫ਼ੀਸਦੀ ਤੱਕ ਅਤੇ ਬਾਅਦ ਦੇ ਬਾਕੀ ਬੈਚਾਂ ਦੇ ਉਮੀਦਵਾਰਾਂ ਲਈ ਤਿੰਨ ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ | ਨੋਟੀਫਿਕੇਸ਼ਨ ਮੁਤਾਬਿਕ ਸਾਬਕਾ ਅਗਨੀਵੀਰਾਂ ਲਈ ਕਾਂਸਟੇਬਲ ਪੱਧਰ 'ਤੇ ਨਿਸਚਿਤ 50 ਫ਼ੀਸਦੀ ਭਰਤੀ ਕੀਤੀ ਜਾਵੇਗੀ | 10 ਫ਼ੀਸਦੀ ਸੀਟਾਂ ਸਾਬਕਾ ਫੌਜੀਆਂ ਲਈ ਰਾਖਵੀਆਂ ਹੋਣਗੀਆਂ | 47 ਫ਼ੀਸਦੀ ਸੀਟਾਂ ਦੀ ਚੋਣ ਮੁਲਾਜ਼ਮਾਂ ਦੀ ਚੋਣ ਬਾਰੇ ਕਮਿਸ਼ਨ ਰਾਹੀਂ ਕੀਤੀ ਜਾਵੇਗੀ | ਸਾਬਕਾ ਅਗਨੀਵੀਰਾਂ ਨੂੰ ਸਰੀਰਿਕ ਮਾਨਕ ਅਤੇ ਸਮਰਥਾ ਪ੍ਰੀਖਿਆ ਤੋਂ ਵੀ ਛੋਟ ਦਿੱਤੀ ਜਾਵੇਗੀ | ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਾਂ ਉਸ ਦੇ ਬਰਾਬਰ ਦੀ ਕਲਾਸ ਤੋਂ ਪਾਸ ਹੋਣਾ ਚਾਹੀਦਾ ਹੈ |