ਤਿੰਨੋਂ ਪਵਿੱਤਰ ਸ਼ਹਿਰਾਂ ਦੇ ਵਿਆਪਕ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਮੁੱਖ ਮੰਤਰੀ
ਚੰਡੀਗੜ੍ਹ, 21 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਾਂ ਲਈ ਧਾਰਮਿਕ ਮਹੱਤਤਾ ਵਾਲੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਕ ਇਤਿਹਾਸਕ ਫ਼ੈਸਲਾ ਲਿਆ ਹੈ | ਉਨ੍ਹਾਂ ਨੇ ਇਸ ਪਲ ਨੂੰ ਸੂਬੇ ਲਈ ਪ੍ਰਮਾਤਮਾ ਪ੍ਰਤੀ ਸ਼ੁਕਰਗੁਜ਼ਾਰੀ, ਨਿਮਰਤਾ ਅਤੇ ਜ਼ਿੰਮੇਵਾਰੀ ਵਾਲਾ ਮੌਕਾ ਦੱਸਿਆ | ਇਕ ਵੀਡੀਓ ਸੰਦੇਸ਼ 'ਚ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਾਂ ਲਈ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਤਿਹਾਸਕ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਐਲਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ 'ਸ਼ਹੀਦੀ ਦਿਵਸ' (ਸ਼ਹੀਦੀ ਦਿਹਾੜੇ) ਨੂੰ ਮਨਾਉਣ ਲਈ ਰਾਜ ਪੱਧਰੀ ਸਮਾਗਮ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਜਿਸਨੇ ਸਾਨੂੰ ਅਜਿਹਾ ਇਤਿਹਾਸਕ ਫ਼ੈਸਲਾ ਲੈਣ ਦੀ ਤਾਕਤ, ਸਮਰੱਥਾ ਤੇ ਸੁਮੱਤ ਬਖਸ਼ੀ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਯਕੀਨੀ ਬਣਾਏਗੀ | ਉਨ੍ਹਾਂ ਕਿਹਾ ਕਿ ਸਿੱਖਾਂ ਲਈ ਧਾਰਮਿਕ ਮਹੱਤਤਾ ਵਾਲੇ ਇਨ੍ਹਾਂ ਸ਼ਹਿਰਾਂ 'ਚ ਈ-ਰਿਕਸ਼ਾ, ਮਿੰਨੀ-ਬੱਸਾਂ ਤੇ ਹੋਰ ਜਨਤਕ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ | ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਪਵਿੱਤਰ ਸ਼ਹਿਰਾਂ 'ਚ ਹੁਣ ਸਖ਼ਤ ਨਿਯਮ ਲਾਗੂ ਹੋਣਗੇ | ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਫ਼ੈਸਲਾ ਇਨ੍ਹਾਂ ਸਥਾਨਾਂ ਦੀ ਪਵਿੱਤਰਤਾ ਦੇ ਮੱਦੇਨਜ਼ਰ ਲਿਆ ਗਿਆ ਹੈ ਤੇ ਹੁਣ ਇਨ੍ਹਾਂ ਤਿੰਨੋਂ ਸ਼ਹਿਰਾਂ 'ਚ ਮਾਸ, ਸ਼ਰਾਬ, ਤੰਬਾਕੂ ਤੇ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ | ਭਾਈਚਾਰੇ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਹਾਂ |
ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ <br/>
ਅਜੀਤ ਡੈਸਕ
22-12-2025