ਅੱਜ ਸਜਾਇਆ ਜਾਵੇਗਾ ਨਗਰ ਕੀਰਤਨ
ਜਗਮੋਹਣ ਸਿੰਘ ਨਾਰੰਗ
ਸ੍ਰੀ ਚਮਕੌਰ ਸਾਹਿਬ, 21 ਦਸੰਬਰ-ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਮਕੌਰ ਦੀ ਜੰਗ ਦੇ ਮਹਾਨ ਸੂਰਬੀਰ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਚੱਲ ਰਹੇ ਤਿੰਨ ਦਿਨਾ ਸ਼ਹੀਦੀ ਸਮਾਗਮ ਦੇ ਅੱਜ ਦੂਜੇ ਦਿਨ ਲੱਖਾਂ ਸ਼ਰਧਾਲੂਆਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤ ਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਸ਼ਹੀਦ ਬੁਰਜ ਭਾਈ ਜੈਤਾ ਜੀ ਸਮੇਤ ਹੋਰ ਗੁਰਧਾਮਾਂ ਵਿਖੇ ਨਤਮਸਤਕ ਹੁੰਦਿਆਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਲੰਬਾ ਸਮਾਂ ਸੰਗਤ ਨੂੰ ਵਾਰੀ ਦੀ ਉਡੀਕ ਲਈ ਕਤਾਰਾਂ 'ਚ ਖੜ੍ਹਨਾ ਪੈ ਰਿਹਾ ਹੈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 22 ਦਸੰਬਰ ਨੂੰ ਪਾਏ ਜਾਣਗੇ ਅਤੇ ਨਗਰ ਕੀਰਤਨ ਸਜਾਇਆ ਜਾਵੇਗਾ | ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਹੱਲਾ ਵੀ ਸਜਾਇਆ ਜਾਵੇਗਾ | ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਦੀਵਾਨ ਵਿਚ ਕੀਰਤਨੀ ਜਥਿਆਂ, ਢਾਡੀ ਜਥਿਆਂ ਅਤੇ ਕਥਾ ਵਾਚਕਾਂ ਵਲੋਂ ਸਮੇਤ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਵਲੋਂ ਸੰਗਤ ਨੂੰ ਲਗਾਤਾਰ ਬਾਣੀ ਨਾਲ ਜੋੜਿਆ ਜਾ ਰਿਹਾ ਹੈ | ਸ਼ੋ੍ਰਮਣੀ ਕਮੇਟੀ ਦੀ ਸਟੇਜ 'ਤੇ ਭਾਵੇਂ ਸ਼ੋ੍ਰਮਣੀ ਅਕਾਲੀ ਦਲ ਦੇ ਕਈ ਆਗੂ ਪੁੱਜੇ ਪਰ ਉਨ੍ਹਾਂ ਕਿਸੇ ਵੀ ਤਰਾਂ ਦੀ ਸਿਆਸੀ ਤਕਰੀਰ ਨਹੀਂ ਕੀਤੀ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਬਲਦੇਵ ਸਿੰਘ ਹਾਫਿਜਾਬਾਦ, ਉਘੇ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਜਗਵਿੰਦਰ ਸਿੰਘ ਪੰਮੀ, ਜਗਪਾਲ ਸਿੰਘ ਜੌਲੀ, ਸਰਜੀਤ ਸਿੰਘ, ਦਰਸ਼ਨ ਸਿੰਘ ਸੋਲਖੀਆਂ, ਕੁਲਦੀਪ ਸਿੰਘ ਕੰਗ ਬੂਰਮਾਜਰਾ, ਪਰਮਿੰਦਰ ਸਿੰਘ ਕੰਗ ਮੋਰਿੰਡਾ, ਜਰਨੈਲ ਸਿੰਘ ਸੱਖੋਮਾਜਰਾ, ਹਰਪ੍ਰੀਤ ਸਿੰਘ ਸੱਖੋਮਾਜਰਾ, ਨਰਿੰਦਰ ਸਿੰਘ ਸੌਲਖੀਆਂ, ਰਵਿੰਦਰ ਸਿੰਘ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ |
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਲੱਖਾਂ ਸੰਗਤਾਂ ਹੋਈਆਂ ਨਤਮਸਤਕ
ਅਜੀਤ ਡੈਸਕ
22-12-2025