ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਤੇ ਯੋਗੇਂਦਰ ਯਾਦਵ ਨੇ ਚੁੱਕੇ ਐਸ.ਆਈ.ਆਰ. 'ਤੇ ਸਵਾਲ
ਅਜੀਤ ਡੈਸਕ
22-12-2025
ਨਵੀਂ ਦਿੱਲੀ, 21 ਦਸੰਬਰ (ਉਪਮਾ ਡਾਗਾ ਪਾਰਥ)-ਵੋਟਰ ਸੂਚੀ ਵਿਚ ਚੱਲ ਰਹੀ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ. ਆਈ. ਆਰ.) ਕਵਾਇਦ ਦੇ ਵਿਰੋਧ ਵਿਚ ਭਾਰਤ ਜੋੜੋ ਅਭਿਆਨ, ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਅਤੇ ਨੈਸ਼ਨਲ ਅਲਾਇੰਸ ਫਾਰ ਪੀਪਲਸ ਮੂਵਮੈਂਟ ਨੋ-ਐਸ. ਆਈ. ਆਰ. ਅਖਿਲ ਭਾਰਤੀ ਵੋਟ ਅਧਿਕਾਰ ਰੱਖਿਆ ਸੰਮੇਲਨ ਕਰਵਾਇਆ ਗਿਆ, ਜਿਸ 'ਚ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ. ਵਾਈ ਕੁਰੈਸ਼ੀ ਅਤੇ ਸਮਾਜਿਕ ਕਾਰਕੁੰਨ ਯੋਗੇਂਦਰ ਯਾਦਵ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ |
ਕੁਰੈਸ਼ੀ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਐਸ. ਆਈ. ਆਰ. 2003 'ਚ ਹੋਇਆ ਸੀ | ਉਸ ਤੋਂ ਬਾਅਦ 2003-04 'ਚ ਚੋਣ ਕਮਿਸ਼ਨ ਨੇ ਇਹ ਸਪੱਸ਼ਟ ਫੈਸਲਾ ਲਿਆ ਸੀ ਕਿ ਵੋਟਰ ਰੋਲ ਦੇ ਡਿਜ਼ੀਟਲਾਈਜ਼ੇਸ਼ਨ ਤੋਂ ਬਾਅਦ ਅੱਗੇ ਐਸ. ਆਈ. ਆਰ. ਦੀ ਲੋੜ ਨਹੀਂ ਪਏਗੀ | ਡਿਜੀਟਲ ਵੋਟਰ ਨੂੰ ਸਿਰਫ ਸਾਲਾਨਾ ਸੋਧ ਦੇ ਰਾਹੀਂ ਅਪਡੇਟ ਕੀਤਾ ਜਾਏਗਾ, ਜਿਸ ਵਿਚ ਮੌਤ, ਪ੍ਰਵਾਸ, ਨਵੇਂ ਵੋਟਰ ਅਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲਿਆਂ ਨੂੰ ਜੋੜਿਆ- ਘਟਾਇਆ ਜਾਏਗਾ | ਇਹੀ ਅਮਲ ਪਿਛਲੇ 25 ਸਾਲਾਂ ਤੋਂ ਅਪਣਾਇਆ ਜਾ ਰਿਹਾ ਸੀ, ਜਿਸ ਨੂੰ ਅਚਾਨਕ ਖਾਰਜ਼ ਕਰ ਦਿੱਤਾ ਗਿਆ ਅਤੇ 30 ਸਾਲ ਦਾ ਕੰਮ 15 ਦਿਨਾਂ ਵਿਚ ਕਰਨ ਦੀ ਕੋਸ਼ਿਸ਼ ਕਰਨਾ ਗੰਭੀਰ ਸਮੱਸਿਆ ਨੂੰ ਜਨਮ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸੇ ਦਬਾਅ ਵਿਚ ਕਈ ਬੂਥ ਲੈਵਲ ਆਫਿਸਰ (ਬੀ. ਐਲ. ਓ.) ਤਣਾਅ ਵਿਚ ਆਏ, ਕੁਝ ਨੂੰ ਦਿਲ ਦਾ ਦੌਰਾ ਪਿਆ ਅਤੇ ਕੁਝ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ | ਉਨ੍ਹਾਂ ਐਸ. ਆਈ. ਆਰ. 'ਚ ਸਰਕਾਰ ਦੇ ਅਸੰਵੇਦਨਸ਼ੀਲ ਰੁਖ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੂਰੇ ਦੇ ਪੂਰੇ ਮੁਹੱਲੇ ਜਾਂ ਬਲਾਕਾਂ ਨੂੰ ਕਿਸੇ ਖਾਸ ਨੀਅਤ ਨਾਲ ਵੋਟਰ ਪੂਰੀ ਸੂਚੀ ਤੋਂ ਹਟਾਇਆ ਜਾ ਰਿਹਾ ਹੈ ਤਾਂ ਇਹ ਗੰਭੀਰ ਸਮਾਜਿਕ ਅਤੇ ਸੰਵਿਧਾਨਿਕ ਸਵਾਲ ਖੜ੍ਹੇ ਕਰਦਾ ਹੈ | ਯੋਗੇਂਦਰ ਯਾਦਵ ਨੇ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਐਸ. ਆਈ. ਆਰ. ਦੇ ਨਾਂਅ 'ਤੇ ਵੋਟਰ ਸੂਚੀ ਦਾ ਸ਼ੁੱਧੀਕਰਨ ਨਹੀਂ, ਸਗੋਂ ਵੱਡੇ ਪੈਮਾਨੇ 'ਤੇ ਛਾਂਟੀ ਕੀਤੀ ਜਾ ਰਹੀ ਹੈ | ਯਾਦਵ ਨੇ ਕਿਹਾ ਕਿ ਬਿਹਾਰ ਵਿਚ ਹੁਣ ਤੱਕ ਤਕਰੀਬਨ 45 ਲੱਖ ਨਾਂਅ ਕੱਟੇ ਜਾ ਚੁੱਕੇ ਹਨ, ਜਦਕਿ ਸਾਢੇ 6 ਕਰੋੜ ਨਾਂਅ ਕੱਟਣ ਦੀ ਕਗਾਰ 'ਤੇ ਹਨ, ਅੱਧਾ ਦੇਸ਼ ਬਾਕੀ ਹੈ | ਉਨ੍ਹਾਂ ਕਿਹਾ ਕਿ ਇਹ ਅਮਲ ਵੋਟਰ ਸੂਚੀ ਨੂੰ ਸਾਫ ਕਰਨ ਦਾ ਨਹੀਂ ਸਗੋਂ ਵੋਟਰ ਸੂਚੀ ਦੇ ਸਫਾਏ ਦਾ ਅਮਲ ਬਣਦਾ ਜਾ ਰਿਹਾ ਹੈ |