ਦਸੂਹਾ, 1 ਜੂਨ (ਭੁੱਲਰ)- ਸਿਵਲ ਹਸਪਤਾਲ ਦਸੂਹਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਾਂਗ ਬੁਖ਼ਾਰ ਬਰਸਾਤਾਂ ਦੇ ਮੌਸਮ ਵਿਚ ਤੇਜ਼ੀ ਨਾਲ ਫੈਲ ਸਕਦੇ ਹਨ | ਇਹ ਬਿਮਾਰੀਆਂ ਮੱਛਰਾਂ ਰਾਹੀਂ ਫੈਲਦੀਆਂ ਹਨ ਜੋ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦੇ ਹਨ | ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਡੇਂਗੂ ਰੋਕਥਾਮ ਸਿਰਫ਼ ਸਿਹਤ ਵਿਭਾਗ ਦੀ ਨਹੀਂ ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ | ਜੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਤਾਂ ਡੇਂਗੂ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਆਪੋ-ਆਪਣੇ ਘਰਾਂ ਵਿਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੋ, ਛੱਤਾਂ 'ਤੇ ਪਏ ਪੁਰਾਣੇ ਟਾਇਰ, ਕੂੜਾ-ਕਰਕਟ ਅਤੇ ਹੋਰ ਜਿਨ੍ਹਾਂ ਵਿਚ ਪਾਣੀ ਇਕੱਠਾ ਹੋ ਸਕੇ, ਉਨ੍ਹਾਂ ਨੂੰ ਹਟਾਓ, ਕੂਲਰਾਂ, ਫ਼ਰਿਜ ਦੀਆਂ ਟਰੇਆਂ ਆਦਿ ਹਫ਼ਤੇ ਵਿਚ ਇੱਕ ਵਾਰੀ ਸੁਕਾ ਕੇ ਸਾਫ਼ ਕਰੋ ਖੜ੍ਹੇ ਪਾਣੀ ਵਿਚ ਕਲਾ ਤੇਲ ਜਾਂ ਸੜਿਆ ਤੇਲ ਪਾਓ, ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨੋ, ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਉਪਯੋਗ ਕਰੋ ਤੇ ਡੇਂਗੂ ਦੇ ਲੱਛਣ ਜਿਵੇਂ ਕਿ ਤੇਜ਼ ਬੁਖ਼ਾਰ, ਸਰੀਰ ਦਰਦ ਆਦਿ ਆਉਣ 'ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਚ ਜਾਂਚ ਕਰਵਾਓ |