ਗੜ੍ਹਦੀਵਾਲਾ, 1 ਜੂਨ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ 'ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦਾ ਚੈਰੀਟੇਬਲ ਹਸਪਤਾਲ' 'ਚ ਅੱਜ ਅੱਖਾਂ ਦੀ ਚੈੱਕਅਪ ਦਾ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਅਦਿੱਤਿਆ ਸ਼ਰਮਾ ਅਤੇ ਡਾ. ਰਾਜੇਸ਼ ਸ਼ੌਰੀ ਦੀ ਸਮੁੱਚੀ ਟੀਮ ਵਲੋਂ ਲਗਭਗ 700 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਮੁਆਇਨਾ ਕਰਕੇ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਸੰਬੰਧੀ ਭਾਈ ਸੁਖਬੀਰ ਸਿੰਘ ਚੋਹਕਾ, ਭਾਈ ਕੁਲਦੀਪ ਸਿੰਘ ਮਿਰਜ਼ਾਪੁਰ ਅਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਸੰਤ ਸੇਵਾ ਸਿੰਘ ਜਿਹੜੇ ਵਿਦੇਸ਼ ਵਿਚ ਗੁਰਮਤਿ ਦੇ ਪ੍ਰਚਾਰ ਲਈ ਗਏ ਹਨ, ਦੀ ਰਹਿਨੁਮਾਈ ਹੇਠ 700 ਮਰੀਜ਼ਾਂ ਵਿਚੋਂ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਵੱਖ-ਵੱਖ ਤਰੀਕਾਂ ਦਿੱਤੀਆਂ ਗਈਆਂ ਹਨ ਅਤੇ ਅਗਲੇ ਹਫ਼ਤਿਆਂ ਦੌਰਾਨ ਹਰੇਕ ਮਰੀਜ਼ ਦੇ ਦਿੱਤੀ ਗਈ ਤਰੀਕ 'ਤੇ ਮੁਫ਼ਤ ਆਪ੍ਰੇਸ਼ਨ ਕਰਕੇ ਆਧੁਨਿਕ ਤਕਨੀਕ ਨਾਲ ਲੈਨਜ਼ ਪਾਏ ਜਾਣਗੇ | ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਮਰੀਜ਼ਾਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਬੈਂਸ ਨੰਬਰਦਾਰ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਅਤੇ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ |