ਕੋਟਫ਼ਤੂਹੀ, 2 ਸਤੰਬਰ (ਅਟਵਾਲ) -ਨਜ਼ਦੀਕੀ ਪਿੰਡ ਮੁਖਸ਼ੂਸਪੁਰ 'ਚ ਲਗਾਤਾਰ ਪੈ ਰਹੇ ਮੀਂਹ ਦੇ ਪਾਣੀ ਨਾਲ ਪਸ਼ੂਆਂ ਲਈ ਬਣਾਏ ਕਮਰੇ ਦੀ ਗਾਡਰ ਬਾਲਿਆਂ ਵਾਲੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਕਮਲਜੀਤ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਉਨ੍ਹਾਂ ਦੇ ਪਸ਼ੂਆਂ ਦੇ ਕਮਰੇ ਦੀ ਛੱਤ ਰਾਤ ਦੇ ਲਗਪਗ 11 ਕੁ ਵਜੇ ਡਿਗ ਗਈ, ਕਮਰੇ 'ਚ ਇਕ ਸੂਣ ਵਾਲੀ ਗਾਂ ਸੀ, ਜਿਸ ਨੂੰ ਛੱਤ ਡਿੱਗਣ ਤੋਂ ਪਹਿਲਾਂ ਬਾਹਰ ਕੱਢ ਲਿਆ ਸੀ | ਜਿਸ ਨਾਲ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਛੱਤ ਹੇਠਾਂ ਡਿੱਗਣ ਨਾਲ ਪੱਠੇ ਕੁਤਰਨ ਵਾਲੀ ਮਸ਼ੀਨ ਸਮੇਤ ਮੋਟਰ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈ | ਇਸ ਮੌਕੇ ਕਾਨੂੰਗੋ ਮੈਡਮ ਅਨੀਤਾ, ਪਟਵਾਰੀ ਪਰਮਿੰਦਰ ਸਿੰਘ ਤੇ ਪੰਚਾਇਤ ਮੈਂਬਰ ਕਮਲ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਪ੍ਰਸ਼ਾਸਨ ਕੋਲੋਂ ਪ੍ਰਭਾਵਿਤ ਵਿਅਕਤੀਆਂ ਨੇ ਮੁਆਵਜ਼ੇ ਦੀ ਮੰਗ ਕੀਤੀ |