ਹੁਸ਼ਿਆਰਪੁਰ, 4 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਗਾਤਾਰ ਪੈ ਰਹੇ ਮੀਂਹ ਦੇ ਚੱਲਦਿਆਂ ਜਿਥੇ ਸੜਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਥੇ ਹੀ ਮੀਂਹ ਤੇ ਤੇਜ਼ ਹਵਾਵਾਂ ਨੇ ਦਰੱਖਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਸੜਕਾਂ ਦੀ ਡਿੱਗੇ ਹੋਏ ਦਰਖ਼ਤ ਕਿਸੇ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ ਇਸ ਦੇ ਬਾਵਜੂਦ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਇਨ੍ਹਾਂ ਦਰਖ਼ਤਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਅੱਡਾ ਮੇਹਟੀਆਣਾ ਵਿਖੇ ਵੀ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਅਨੇਕਾਂ ਦਰੱਖ਼ਤ ਮੀਂਹ ਕਾਰਨ ਟੁੱਟ ਕੇ ਡਿੱਗੇ ਹੋਏ ਹਨ | ਇਕ ਭਾਰੀ ਦਰੱਖ਼ਤ ਪਿਛਲੇ ਕਈ ਦਿਨਾਂ ਤੋਂ ਅੱਧ ਵਿਚਕਾਰ ਲਟਕ ਰਿਹਾ ਹੈ, ਜਿਸ ਦੇ ਡਿੱਗਣ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ | ਇਸ ਸੰਬੰਧੀ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਨੇ ਕਿਹਾ ਕਿ ਮੀਂਹ ਦੇ ਚੱਲਦਿਆਂ ਜਿਥੇ ਕੋਈ ਟੁੱਟੀਆਂ ਸੜਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਉਥੇ ਹੀ ਡਿੱਗੇ ਹੋਏ ਦਰੱਖ਼ਤਾਂ ਨੂੰ ਕੱਟਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਇਕ ਵੱਡੇ ਸਫ਼ੈਦੇ ਦਾ ਦਰੱਖ਼ਤ ਸੜਕ ਕਿਨਾਰੇ ਡਿੱਗ ਚੁੱਕਾ ਹੈ, ਜਿਸ ਨੂੰ ਚੁੱਕਣ ਲਈ ਉਹ ਕਈ ਵਾਰ ਜੰਗਲਾਤ ਵਿਭਾਗ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਵਿਭਾਗ ਸ਼ਾਇਦ ਕਿਸੀ ਵੱਡੇ ਹਾਦਸੇ ਦੀ ਉਡੀਕ 'ਚ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਗਾਰਡ ਤੇ ਨਾ ਹੀ ਵੇਲਦਾਰ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਰਗ 'ਤੇ ਡਿੱਗੇ ਸਾਰੇ ਦਰੱਖ਼ਤਾਂ ਨੂੰ ਹਟਾਇਆ ਜਾਵੇ |