ਮਿਆਣੀ, 4 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੋ ਪਿਛਲੇ ਦਿਨੀਂ ਹਲਕਾ ਉੜਮੁੜ ਟਾਂਡਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਹੜ੍ਹ ਪੀੜਿਤ ਲੋਕਾਂ ਨੂੰ ਮਿਲ ਕੇ ਜਿੱਥੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਗਏ ਸਨ ਉੱਥੇ ਨਾਲ ਹੀ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ | ਇਸੇ ਤਹਿਤ ਹੀ ਜੋ ਰੜਾ ਮੰਡ ਸਥਿਤ ਗੁਰਦੁਆਰਾ ਸਾਹਿਬ ਅਤੇ ਇਲਾਕੇ ਦੇ ਹੋਰ ਪਿੰਡਾਂ ਦੀ ਸੰਗਤ ਵੱਲੋਂ ਇੱਕ ਜਨਰੇਟਰ ਦੀ ਮੰਗ ਕੀਤੀ ਗਈ ਸੀ ਜੋ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ. ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ, ਉੱਘੇ ਸਮਾਜ ਸੇਵਕ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ, ਅਕਾਲੀ ਆਗੂ ਇਕਬਾਲ ਸਿੰਘ ਜੌਹਲ, ਸਰਬਜੀਤ ਸਿੰਘ ਮੋਮੀ, ਜਸਵਿੰਦਰ ਸਿੰਘ ਜੱਸੀ ਅਮਰੀਕਾ, ਕਸ਼ਮੀਰ ਸਿੰਘ ਬਬਲੂ ਜੋੜੀਆ, ਗੁਰਮੁਖ ਸਿੰਘ ਘੁੰਮਣ ਜਲੰਧਰ, ਗੁਰ ਪ੍ਰਤਾਪ ਸਿੰਘ ਮੰਡ, ਜੋਨੀ ਮੁਲਤਾਨੀ ਅਤੇ ਹੋਰ ਅਨੇਕਾਂ ਸੰਗਤਾਂ ਦੀ ਹਾਜ਼ਰੀ ਵਿਚ ਜਨਰੇਟਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸੌਂਪਿਆ | ਇਸ ਮੌਕੇ ਸ. ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਜੋ ਜਨਰੇਟਰ ਦੀ ਸੇਵਾ ਵਾਸਤੇ ਕਿਹਾ ਗਿਆ ਸੀ ਉਸ ਨੂੰ ਅੱਜ ਪੂਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਜੋ ਵੀ ਸੇਵਾ ਲੋਕਾਂ ਵਾਸਤੇ ਲਾਉਣਗੇ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਹੜ੍ਹ ਪੀੜਿਤ ਪਰਿਵਾਰਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ |