ਟਾਂਡਾ ਉੜਮੁੜ, 6 ਸਤੰਬਰ (ਭਗਵਾਨ ਸਿੰਘ ਸੈਣੀ)-ਸੇਂਟ ਸੋਲਜਰ ਗਰੁੱਪ ਸਿਰਫ਼ ਵਿੱਦਿਅਕ ਖੇਤਰ 'ਚ ਹੀ ਨਹੀਂ ਸਗੋਂ ਸਮਾਜ ਸੇਵਾ ਵਿਚ ਵੀ ਹਮੇਸ਼ਾ ਮੋਹਰੀ ਰਿਹਾ ਹੈ | ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਲੋਂ ਬਿਆਸ ਦਰਿਆ ਤੋਂ ਪਾਰ ਦੇ ਪਿੰਡ ਫੱਤਾ ਕੁੱਲਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ 'ਚ ਰਾਹਤ ਸਮਗਰੀ ਵੰਡੀ ਗਈ | ਇਸ ਸੰਬੰਧੀ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਦੱਸਿਆ ਕਿ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਦੇ ਸਮੂਹ ਸਟਾਫ਼ ਵਲੋਂ ਯੋਗਦਾਨ ਪਾਉਂਦੇ ਹੋਏ ਲੋੜਵੰਦਾਂ ਲਈ ਰਾਸ਼ਨ, ਘਰੇਲੂ ਜ਼ਰੂਰਤ ਦਾ ਸਾਮਾਨ, ਪਾਣੀ, ਦਵਾਈਆਂ, ਬਰੈੱਡ, ਆਟਾ, ਚਿਪਸ, ਡਾਈਪਰਜ਼, ਬਿਸਕੁਟ, ਰਸਕ ਆਦਿ ਪਿੰਡ ਦੀ ਪੰਚਾਇਤ ਮੈਂਬਰਾਂ ਪੀੜਤਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ | ਡਾਇਰੈਕਟਰ ਸਾਹਨੀ ਨੇ ਦੱਸਿਆ ਕਿ ਹੜ੍ਹ ਦੀ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ | ਖੇਤਾਂ 'ਚ ਪਾਣੀ ਖੜ੍ਹਾ ਹੈ | ਉਨ੍ਹਾਂ ਕਿਹਾ ਉਨ੍ਹਾਂ ਕੋਲ ਹਾਲੇ ਵੀ ਬਹੁਤ ਸਾਰਾ ਰਾਸ਼ਨ ਤੇ ਘਰੇਲੂ ਵਰਤੋਂ ਦਾ ਸਾਮਾਨ ਪਿਆ ਹੈ | ਪਿੰਡ ਦੀ ਪੰਚਾਇਤ ਵਲੋਂ ਜਦੋਂ ਵੀ ਉਨ੍ਹਾਂ ਨੂੰ ਸਨੇਹਾ ਆਵੇਗਾ ਤਾਂ ਰਾਹਤ ਸਮਗਰੀ ਵੰਡੀ ਜਾਵੇਗੀ |