ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਸਾਂਝੀ ਰਸੋਈ ਵਿਖੇ ਮਾਨਵ ਸੇਵਾ ਸੰਕਲਪ ਦਿਵਸ ਮਨਾਇਆ | ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ | ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਸਾਂਝੀ ਰਸੋਈ ਵਿਖੇ ਹਰ ਰੋਜ਼ਾਨਾ ਲਗਪਗ 450 ਤੋਂ 500 ਲੋਕ ਦੁਪਹਿਰ ਦੇ ਖਾਣੇ ਦਾ ਲਾਭ ਲੈ ਰਹੇ ਹਨ | ਸਕੱਤਰ ਨੇ ਅੱਗੇ ਦੱਸਿਆ ਕਿ ਭਾਈ ਘਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਸੰਕਲਪ ਦਿਵਸ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਮਨਾਇਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੇ ਮਰੀਜ਼ਾਂ ਦੀ ਸਹਾਇਤਾ ਲਈ ਵੱਖ-ਵੱਖ ਗੁਰਦੁਆਰਿਆਂ, ਜਿਵੇਂ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ, ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਜੀ, ਗੁਰਦੁਆਰਾ ਭਾਈ ਜੋਗਾ ਸਿੰਘ ਜੀ, ਗੁਰਦੁਆਰਾ ਸਿੰਘ ਸਭਾ ਅਤੇ ਸ੍ਰੀ ਰਾਮ ਭਵਨ ਚੈਰੀਟੇਬਲ ਡਿਸਪੈਂਸਰੀ 'ਚ ਮਰੀਜ਼ਾਂ ਦੀ ਮੁੱਢਲੀ ਸਹਾਇਤਾ ਲਈ ਕਿੱਟਾਂ ਪ੍ਰਦਾਨ ਕੀਤੀਆਂ | ਇਸ ਮੌਕੇ ਰਾਜੀਵ ਬਜਾਜ, ਵਾਈਸ ਪ੍ਰੈਜ਼ੀਡੈਂਟ ਹਸਪਤਾਲ ਵੈੱਲਫੇਅਰ ਬਰਾਂਚ, ਆਦਿੱਤਿਆ ਰਾਣਾ ਸੰਯੁਕਤ ਸਕੱਤਰ, ਸਰਬਜੀਤ ਲੇਖਾਕਾਰ ਅਤੇ ਰੈੱਡ ਕਰਾਸ ਸਟਾਫ਼ ਦੇ ਹੋਰ ਮੈਂਬਰ ਮੌਜੂਦ ਸਨ |