ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ) - ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਲੋਂ ਐਨ.ਜੀ.ਓ. 143 ਦਸੂਹਾ ਦੇ ਸਹਿਯੋਗ ਨਾਲ ਔਰਤਾਂ ਦੀਆਂ ਪ੍ਰਾਪਤੀਆਂ ਸਬੰਧੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ 'ਤੇ ਇਕ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਸੈਮੀਨਾਰ ਵਿਚ ਮੁੱਖ ਮਹਿਮਾਨਾਂ ਵਜੋਂ ਮਿਸ ਓਇਸ਼ੀ ਆਈ.ਏ.ਐੱਸ. ਅਸਿਸਟੈਂਟ ਕਮਿਸ਼ਨਰ ਹੁਸ਼ਿਆਰਪੁਰ ਅਤੇ ਡਾ. ਅੰਕੁਰ ਮਹਿੰਦਰੂ ਐੱਸ.ਡੀ.ਐਮ., ਮੁਕੇਰੀਆਂ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਆਪਣੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਵਿਚ ਮਹਿਲਾਵਾਂ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੈ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ | ਵਿਸ਼ੇਸ਼ ਮਹਿਮਾਨ ਵਜੋਂ ਨਵੀਨ ਅਗਰਵਾਲ (ਸਮਾਜ ਸੇਵੀ ਅਤੇ ਉਦਯੋਗਪਤੀ, ਐਮ.ਡੀ., ਜਗਦੰਬੇ ਫਰਨੇਸਿਜ਼ ਲਿਮਟਿਡ) ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਮਹਿਲਾ ਸ਼ਕਤੀਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੜ੍ਹੀਆਂ ਲਿਖੀਆਂ ਔਰਤਾਂ ਹੀ ਇਕ ਨਿਰੋਏ ਸਮਾਜ ਦੀ ਨੀਂਹ ਰੱਖ ਸਕਦੀਆਂ ਹਨ | ਵਿਸ਼ਾ ਮਾਹਿਰਾਂ ਵਜੋਂ ਡਾ. ਵਿਧੀ ਭੱਲਾ (ਪਿ੍ੰਸੀਪਲ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ) ਅਤੇ ਮਿਸ ਇਸ਼ਿਕਾ ਰਿਸ਼ੀ (ਆਕਸਫੋਰਡ ਯੂਨੀਵਰਸਿਟੀ, ਯੂ.ਕੇ.) ਨੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਗੁਣਾਂ ਅਤੇ ਯੋਗਤਾਵਾਂ ਨਾਲ ਨਾ ਸਿਰਫ਼ ਆਪਣੇ ਭਵਿੱਖ ਨੂੰ ਚਮਕਾਉਣ ਬਲਕਿ ਸਮਾਜ ਦੇ ਵਿਕਾਸ ਵਿਚ ਵੀ ਯੋਗਦਾਨ ਪਾਉਣ | ਕਾਲਜ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ (ਸੈਮੀਨਾਰ ਕਨਵੀਨਰ) ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਅਕਾਦਮਿਕ ਪ੍ਰੋਗਰਾਮ ਵਿਦਿਆਰਥਣਾਂ ਦੀਆਂ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਅਗਵਾਈ ਲਈ ਤਿਆਰ ਕਰਦੇ ਹਨ | ਐਨ.ਜੀ.ਓ. 143 ਦਸੂਹਾ ਦੇ ਪ੍ਰਧਾਨ ਅਤੇ ਸਕੱਤਰ ਸੰਜੀਵ ਕੁਮਾਰ ਨੇ ਮੌਜੂਦ ਸਾਰੇ ਮਹਿਮਾਨਾਂ, ਵਿਦਵਾਨ ਮਾਹਿਰਾਂ ਅਤੇ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੈਮੀਨਾਰ ਸਿਰਫ਼ ਇਕ ਅਕਾਦਮਿਕ ਪ੍ਰੋਗਰਾਮ ਨਹੀਂ ਬਲਕਿ ਨੌਜਵਾਨ ਵਰਗ ਲਈ ਇੱਕ ਪੇ੍ਰਰਨਾ ਸਰੋਤ ਹੈ | ਇਸ ਮੌਕੇ 'ਤੇ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਕੈਸ਼ੀਅਰ ਸਤਪਾਲ ਸਿੰਘ, ਡਾਇਰੈਕਟਰ ਬਿਕਰਮ ਸਿੰਘ ਚੱਕ ਸਮੇਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ | ਇਸ ਮੌਕੇ 'ਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੋਨੀਆ ਚੌਹਾਨ, ਡਾ. ਏਕਤਾ, ਸਹਾਇਕ ਪ੍ਰੋਫੈਸਰ ਨੇਹਾ, ਸਹਾਇਕ ਪ੍ਰੋਫੈਸਰ ਸਵਰਨ, ਸਹਾਇਕ ਪ੍ਰੋਫੈਸਰ ਕਿ੍ਤੀਕਾ, ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ | ਕਾਲਜ ਦੀ ਐਨ.ਐੱਸ.ਐੱਸ. ਯੂਨਿਟ ਦੀ ਸਰਗਰਮ ਭਾਗੀਦਾਰੀ ਨੇ ਇਸ ਸਮਾਰੋਹ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਅਤੇ ਨੌਜਵਾਨਾਂ ਦੀ ਸਮਾਜਿਕ ਤੇ ਅਕਾਦਮਿਕ ਵਚਨਬੱਧਤਾ ਨੂੰ ਦਰਸਾਇਆ |