ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਪਿੰਡ ਆਦਮਵਾਲ ਦੇ ਮੁਹੱਲਾ ਰਵਿਦਾਸ ਨਗਰ ਦੇ ਵਾਸੀ 29 ਸਾਲਾ ਨੌਜਵਾਨ ਦੀ ਹੋਈ ਮੌਤ ਵਾਲੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੋਸਟਮਾਰਟਮ ਰਿਪੋਰਟ 'ਚ ਨੌਜਵਾਨ ਵਲੋਂ ਕੋਈ ਨਸ਼ਾ ਨਾ ਕੀਤੇ ਹੋਣ ਦੀ ਗੱਲ ਸਾਹਮਣੇ ਆਈ ਬਲਕਿ ਨੌਜਵਾਨ ਦੀ ਮੌਤ ਸਿਰ ਤੇ ਮੋਢੇ 'ਤੇ ਸੱਟਾਂ ਲੱਗਣ ਨਾਲ ਹੋਈ | ਇਸ ਸੰਬੰਧੀ ਥਾਣਾ ਸਦਰ ਦੇ ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਆਦਮਵਾਲ ਦੇ ਮੁਹੱਲਾ ਰਵਿਦਾਸ ਨਗਰ ਦੇ ਵਾਸੀ ਸੰਦੀਪ ਕੁਮਾਰ ਪੁੱਤਰ ਸੁਰਿੰਦਰਪਾਲ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਛੋਟਾ ਭਰਾ ਸੁਖਵਿੰਦਰ ਕੁਮਾਰ(29) ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨੀਂ ਨੂੰ ਘਰ ਤੋਂ ਸ਼ਾਮ 6.30 ਵਜੇ ਕਿਸੇ ਕੰਮ ਲਈ ਸ਼ਹਿਰ ਗਿਆ ਪਰ ਵਾਪਸ ਨਹੀਂ ਆਇਆ | ਉਸ ਨੇ ਦੱਸਿਆ ਕਿ 12 ਸਤੰਬਰ ਨੂੰ ਸਵੇਰੇ ਉਸ ਦੀ ਲਾਸ਼ ਪਿੰਡ ਚੌਹਾਲ 'ਚ ਸਥਿਤ ਇਕ ਨਿੱਜੀ ਫ਼ੈਕਟਰੀ ਕੋਲ ਨਾਲੇ 'ਚ ਪਈ ਮਿਲੀ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਹਵਾਲੇ ਕਰਕੇ ਉਸ ਦੇ ਵੱਡੇ ਭਰਾ ਸੰਦੀਪ ਕੁਮਾਰ ਦੇ ਬਿਆਨ ਧਾਰਾ 194 ਬੀ.ਐਨ.ਐਸ ਤਹਿਤ ਕਾਰਵਾਈ ਕੀਤੀ ਸੀ ਪਰ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਸ ਦੀ ਮੌਤ ਸਿਰ ਤੇ ਮੋਢਿਆਂ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਹੈ | ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |