ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਨਰਸਿੰਗ ਐਸੋਸੀਏਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਲੋਂ ਡੀ. ਆਰ. ਐਮ. ਈ. ਯੂਨੀਅਨ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਨੀਲਮ ਸੈਣੀ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਵਿਰੋਧ 'ਚ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕੀਤੀ | ਇਸ ਮੌਕੇ ਉਪ ਪ੍ਰਧਾਨ ਹਰਦੀਪ ਕੌਰ, ਪਰਮਜੀਤ ਕੌਰ, ਮਨਦੀਪ ਸੈਣੀ, ਹਰਪ੍ਰੀਤ ਕੌਰ, ਸਾਕਸ਼ੀ, ਦੀਪਕਾ, ਸੁਨੀਤਾ, ਗੁਰਮਿੰਦਰ ਕੌਰ, ਰਮਨੀਤ ਕੌਰ ਤੇ ਗਗਨ ਆਦਿ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਨੀਲਮ ਸੈਣੀ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਮੂਹ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਦੀ ਬਹਾਲੀ ਕੀਤੀ ਜਾਵੇ, ਨਰਸਿੰਗ ਸਟਾਫ਼ ਦੀ ਭਰਤੀ ਕੀਤੀ ਜਾਵੇ, ਨਰਸਿੰਗ ਕੇਡਰ ਦਾ ਏ. ਸੀ. ਪੀ. ਬਹਾਲ ਕੀਤਾ ਜਾਵੇ, ਨਰਸਿੰਗ ਸਿਸਟਰ ਤੇ ਮੈਟਰਨ ਦੀ ਤਰੱਕੀ ਲਈ ਤਿੰਨ ਸਾਲ ਦੇ ਤਜਰਬੇ ਤੋਂ ਇਕ ਸਾਲ ਕੀਤਾ ਜਾਵੇ, ਸਟਾਫ਼ ਨਰਸਾਂ ਦੀ ਭਰਤੀ ਆਬਾਦੀ ਤੇ ਬੈੱਡਾਂ ਦੇ ਅਨੁਪਾਤ ਅਨੁਸਾਰ ਕੀਤੀ ਜਾਵੇ, ਹਰ ਪੇਂਡੂ ਤੇ ਸ਼ਹਿਰੀ ਹਸਪਤਾਲ 'ਚ ਸਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ, ਪੇ ਅਨੋਮਲੀ ਦੇ ਕੇਸ ਜੋ ਕਿ ਪੇ ਅਨੋਮਲੀ ਕਮੇਟੀ ਕੋਲ ਵਿਚਾਰ ਅਧੀਨ ਹਨ, 'ਚ ਨਰਸਿੰਗ ਜਥੇਬੰਦੀ ਵਲੋਂ ਭੇਜੇ ਗਏ ਸੋਧ ਦੀ ਸਿਫ਼ਾਰਸ਼ ਕਰਦੇ ਹੋਏ ਪੇ ਗ੍ਰੇਡ 'ਚ ਸੋਧ ਕਰਕੇ ਲਾਗੂ ਕੀਤਾ ਜਾਵੇ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ ਕੀਤੀ ਜਾਵੇ, 17-7-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਹਾਈ ਕੋਰਟ ਵਲੋਂ ਕੀਤੇ ਗਏ ਫ਼ੈਸਲੇ ਤੇ ਸੀ. ਡਬਲਿਊ. ਪੀ. ਨੂੰ ਵਿਚਾਰ ਕੇ ਕੀਤੇ ਗਏ ਫ਼ੈਸਲੇ ਨੂੰ ਤਰੰਤ ਲਾਗੂ ਕੀਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |