ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫ਼ਟੀ ਅਫ਼ਸਰ ਮੁਨੀਸ਼ ਸੋਢੀ ਦੀ ਅਗਵਾਈ ਵਾਲੀ ਟੀਮ ਨੇ ਭੰਗਾਲਾ ਤੇ ਮੁਕੇਰੀਆਂ ਵਿਚ ਕਈ ਵਿਕੇ੍ਰਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਲਈ ਫੂਡ ਦੇ 9 ਸੈਂਪਲ ਇਕੱਠੇ ਕੀਤੇ | ਭੰਗਾਲਾ ਵਿਖੇ ਬੇਕਰੀ ਦੁਕਾਨਾਂ ਤੇ ਬੇਕਰੀ ਉਤਪਾਦ ਤਿਆਰ ਕਰਨ ਵਾਲੀਆਂ ਇਕਾਈਆਂ ਦਾ ਨਿਰੀਖਣ ਕੀਤਾ | ਟੀਮ ਨੇ ਵਿਕੇ੍ਰਤਾਵਾਂ ਤੋਂ ਮੈਦਾ, ਕੇਕ ਤੇ ਪੇਸਟਰੀ ਦੇ ਚਾਰ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਨਿਰਧਾਰਿਤ ਭੋਜਨ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ | ਟੀਮ ਵਲੋਂ ਮੁਕੇਰੀਆਂ 'ਚ ਸਫ਼ਾਈ ਅਭਿਆਸਾਂ ਨੂੰ ਯਕੀਨੀ ਬਣਾਉਣ ਲਈ ਫਾਸਟ ਫੂਡ ਆਊਟਲੈਟਾਂ ਦੀ ਜਾਂਚ ਕੀਤੀ ਗਈ ਤੇ ਵਿਕੇ੍ਰਤਾਵਾਂ ਨੂੰ ਸਹੀ ਸਫ਼ਾਈ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ | ਨਿਰੀਖਣ ਦੌਰਾਨ, ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਦੇ ਦੋ ਨਮੂਨੇ ਤੇ ਵੱਖ-ਵੱਖ ਫਲਾਂ ਦੀਆਂ ਚੀਜ਼ਾਂ ਦੇ ਦੋ ਸੈਂਪਲ ਇਕੱਠੇ ਕੀਤੇ ਗਏ | ਇਸ ਤੋਂ ਇਲਾਵਾ, ਇਕ ਬੇਕਰੀ ਵਿਕਰੇਤਾ ਦੀ ਜਾਂਚ ਕੀਤੀ ਗਈ, ਜਿਸ ਤੋਂ ਇਕ ਕੇਕ ਦਾ ਨਮੂਨਾ ਲਿਆ ਤੇ ਮਿਆਦ ਪੁੱਗੀਆਂ ਬੋਤਲਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ | ਬੇਕਰੀ ਵਿਕਰੇਤਾ ਨੂੰ ਸਖ਼ਤੀ ਨਾਲ ਚਿਤਾਵਨੀ ਦਿੱਤੀ ਗਈ ਕਿ ਉਹ ਭੋਜਨ ਤਿਆਰ ਕਰਨ ਲਈ ਮਿਆਦ ਪੁੱਗੇ ਉਤਪਾਦਾਂ ਦੀ ਅਤੇ ਰੰਗਾਂ ਦੀ ਜ਼ਿਆਦਾ ਵਰਤੋਂ ਨਾ ਕਰਨ | ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਮੁਨੀਸ਼ ਸੋਢੀ ਨੇ ਦੱਸਿਆ ਕਿ 9 ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤੇ ਗਏ ਹਨ ਤੇ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |