ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਲਈ ਰੰਗ-ਬਰੰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ | ਸਕੂਲ ਨੂੰ ਦੀਵਿਆਂ, ਫੁੱਲਾਂ ਤੇ ਰੰਗੋਲੀਆਂ ਨਾਲ ਬਹੁਤ ਸੁੰਦਰ ਢੰਗ ਨਾਲ ਸਜਾਇਆ | ਕਲਾਸ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਦੀਵੇ ਬਣਾਉਣ, ਰੰਗੋਲੀ ਬਣਾਉਣ ਤੇ ਕਲਾਸ-ਰੂਮ ਸਜਾਵਟ ਮੁਕਾਬਲਿਆਂ 'ਚ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਤੇ ਸਿਰਜਣਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇੰਟਰ-ਹਾਊਸ ਰੰਗੋਲੀ ਬਣਾਉਣ ਮੁਕਾਬਲੇ 'ਚ ਨਾਈਟਸ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦ ਕਿ ਵਾਰੀਅਰਜ਼ ਹਾਊਸ ਦੂਜੇ ਤੇ ਰੇਡਰਜ਼ ਹਾਊਸ ਤੀਸਰੇ ਸਥਾਨ 'ਤੇ ਰਿਹਾ | ਮੁਕਾਬਲੇ ਦੇ ਜੇਤੂਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ | ਸਕੂਲ ਦੇ ਚੇਅਰਮੈਨ ਗੁਰਿੰਦਰ ਸਿੰਘ ਅਤੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ |