ਹਾਜੀਪੁਰ, 1 ਨਵੰਬਰ (ਜੋਗਿੰਦਰ ਸਿੰਘ)- ਬਾਬਾ ਸ੍ਰੀ ਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਿੰਡ ਪਨਖੂਹ ਵਿਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਦੀ ਪ੍ਰਧਾਨਗੀ ਹੇਠ ਪੰਜਾਬ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਪੰਜਾਬ ਦੇ ਇਤਿਹਾਸ ਅਤੇ ਸੰਘਰਸ਼ਾਂ ਅਤੇ ਇਸ ਦੇ ਨਾਇਕਾਂ ਨੂੰ ਯਾਦ ਕਰਨ ਲਈ ਇਕ ਵਿਸ਼ੇਸ਼ ਸਭਾ ਕਰਵਾਈ ਗਈ | ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬ ਦੀ ਭਾਵਨਾ ਅਤੇ ਊਰਜਾ, ਇਸ ਦੇ ਅਮੀਰ ਸਭਿਆਚਾਰ, ਸਾਹਿੱਤ ਨੂੰ ਉਜਾਗਰ ਕੀਤਾ | ਅਧਿਆਪਕਾ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੂਬੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪੰਜਾਬ ਆਪਣੇ ਮੌਜੂਦਾ ਰੂਪ ਵਿਚ 1 ਨਵੰਬਰ 1966 ਨੂੰ ਹੋਂਦ ਵਿਚ ਆਇਆ ਸੀ | ਉਸ ਦਿਨ ਤੋਂ ਹਰ ਸਾਲ ਇਹ ਦਿਨ ਪੰਜਾਬ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਅੰਤ ਵਿਚ ਵਿਦਿਆਰਥੀਆਂ ਨੇ ਆਪਣੇ ਸੂਬੇ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਉਨ੍ਹਾਂ ਨੂੰ ਸਹੀ ਰਸਤੇ 'ਤੇ ਚੱਲਣ, ਚੰਗੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਅਤੇ ਸੂਬੇ ਨੂੰ ਹਰ ਪੱਖੋਂ ਵਿਕਸਤ ਸੂਬਾ ਬਣਾਉਣ ਲਈ ਆਪਣੀ ਪ੍ਰਤਿਭਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ |