ਹੁਸ਼ਿਆਰਪੁਰ, 24 ਦਸੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਹਿਤੈਸ਼ੀ ਲੋਕ (ਪਹਿਲ) ਦੇ ਕੌਮੀ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਨੇ ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ 'ਚ ਨਗਰ ਕੀਰਤਨ ਵਿਚ ਵਿਘਨ ਪਾਉਣ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਕੁੱਝ ਫ਼ਿਰਕੂ ਲੋਕਾਂ ਵੱਲੋਂ ਜੋ ਘਿਨਾਉਣਾ ਕਾਰਨਾਮਾ ਕੀਤਾ ਗਿਆ ਹੈ, ਉਨ੍ਹਾਂ ਲੋਕਾਂ ਵਿਰੁੱਧ ਨਿਊਜ਼ੀਲੈਂਡ ਸਰਕਾਰ ਵੱਲੋਂ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਿੱਖੀ ਦੇ ਸਰਬ ਸਾਂਝੇ ਤੇ ਸਰਬੱਤ ਦੇ ਭਲੇ ਵਾਲੇ ਫ਼ਲਸਫ਼ੇ ਵਿਰੁੱਧ ਅਜਿਹੇ ਗ਼ਲਤ ਅਨਸਰ ਦੁਬਾਰਾ ਫ਼ਿਰਕੂ ਨਫ਼ਰਤ ਨਾ ਫੈਲਾਅ ਸਕਣ | ਉਨ੍ਹਾਂ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਕਿ ਭਾਰਤ ਵਿਚ ਸਥਿਤ ਨਿਊਜ਼ੀਲੈਂਡ ਦੇ ਸਫ਼ਾਰਤਖ਼ਾਨੇ ਰਾਹੀਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਨਿਊਜ਼ੀਲੈਂਡ ਸਰਕਾਰ ਨੂੰ ਜਾਣੂ ਕਰਵਾਇਆ ਜਾਵੇ | ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਭਾਰਤ ਸਰਕਾਰ ਰਾਹੀਂ ਗੰਭੀਰਤਾ ਨਾਲ ਚੁੱਕਿਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਕਾਲੂ ਵਾਹਰ, ਫ਼ਕੀਰ ਸਿੰਘ ਸਹੋਤਾ, ਗੁਰਦੇਵ ਸਿੰਘ ਚੀਫ਼, ਤਲਵਿੰਦਰ ਸਿੰਘ ਹੀਰ, ਹਰਬੰਸ ਸਿੰਘ ਮੰਝਪੁਰ, ਮਾ. ਰਾਮ ਕ੍ਰਿਸ਼ਨ ਪੱਲੀ ਝਿੱਕੀ, ਨਰਿੰਦਰ ਸਿੰਘ ਮੁਕੇਰੀਆਂ ਹਾਜ਼ਰ ਸਨ |