ਹੁਸ਼ਿਆਰਪੁਰ, 27 ਦਸੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਜੇ. ਬੀ. ਬਹਿਲ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਜੈਕਟਾਂ ਤਹਿਤ ਤੇਰਾ ਆਸਰਾ ਸੇਵਾ ਘਰ ਵਿਚ ਰਹਿੰਦੇ ਬਜ਼ੁਰਗ ਬਲਬੀਰ ਸਿੰਘ, ਜੋ ਪਿਛਲੇ ਲੰਮੇ ਸਮੇਂ ਤੋਂ ਇੱਕ ਅੱਖ ਤੋਂ ਪੀੜਤ ਸਨ ਅਤੇ ਦੂਜੀ ਅੱਖ ਨਾਲ ਵੀ ਬਹੁਤ ਘੱਟ ਨਜ਼ਰ ਆਉਂਦਾ ਸੀ, ਦਾ ਸੁਸਾਇਟੀ ਵੱਲੋਂ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ | ਇਸ ਸਬੰਧੀ ਕੰਵਰ ਹਸਪਤਾਲ ਵਿਚ ਇੱਕ ਸੰਖੇਪ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਉਨ੍ਹਾਂ ਦੀ ਧਰਮ-ਪਤਨੀ ਮੀਨਾਕਸ਼ੀ ਖੰਨਾ, ਡਾ. ਵਿਜੇਂਦਰ ਕੰਵਰ, ਡਾ. ਦੀਪਾ ਕੰਵਰ, ਡਾ. ਮਨਪ੍ਰੀਤ ਕੌਰ (ਐਸ. ਐਮ. ਓ.) ਅਤੇ ਚੇਅਰਮੈਨ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸ੍ਰੀ ਖੰਨਾ ਨੇ ਸੁਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਇਸ ਮੌਕੇ ਅੱਖਾਂ ਦੀ ਮਾਹਿਰ ਡਾ. ਮਨਪ੍ਰੀਤ ਕੌਰ (ਐਸ. ਐਮ. ਓ.) ਨੇ ਅੱਖਾਂ ਦੀ ਸੰਭਾਲ ਬਾਰੇ ਵਿਸ਼ੇਸ਼ ਸੁਝਾਅ ਦਿੰਦੇ ਹੋਏ ਕਿਹਾ ਕਿ ਅੱਖਾਂ ਦੀ ਜਾਂਚ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿਣੀ ਚਾਹੀਦੀ ਹੈ | ਡਾ. ਵਿਜੇਂਦਰ ਕੰਵਰ ਅਤੇ ਡਾ. ਦੀਪਾ ਕੰਵਰ ਨੇ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ | ਚੇਅਰਮੈਨ ਸੰਜੀਵ ਅਰੋੜਾ ਅਤੇ ਜੇ. ਬੀ. ਬਹਿਲ ਨੇ ਮੁੱਖ ਮਹਿਮਾਨ ਅਤੇ ਹੋਰ ਹਾਜ਼ਰ ਮੈਂਬਰਾਂ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ 4148 ਲੋਕਾਂ ਨੂੰ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ | ਇਸ ਮੌਕੇ ਕੰਵਰ ਹਸਪਤਾਲ ਦੇ ਡਾਇਰੈਕਟਰ ਜਸਬੀਰ ਕੰਵਰ, ਪ੍ਰੋ. ਦਲਜੀਤ ਸਿੰਘ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਜਗਦੀਸ਼ ਅਗਰਵਾਲ, ਦਵਿੰਦਰ ਅਰੋੜਾ, ਵਿਜੇ ਅਰੋੜਾ, ਅਮਿਤ ਨਾਗਪਾਲ, ਏ. ਐੱਸ. ਕੰਗ, ਪ੍ਰੋ. ਸੀ. ਵੀ. ਅਰੋੜਾ, ਕਿ੍ਸ਼ਨ ਕਿਸ਼ੋਰ, ਤੇਰਾ ਆਸਰਾ ਸੇਵਾ ਘਰ ਦੀ ਸੰਚਾਲਕਾ ਰਜਿੰਦਰ ਕੌਰ, ਅਮਿ੍ਤਜੋਤ ਸਿੰਘ ਸਮੇਤ ਹੋਰ ਹਾਜ਼ਰ ਸਨ |