ਗੜ੍ਹਸ਼ੰਕਰ, 29 ਦਸੰਬਰ (ਧਾਲੀਵਾਲ)-ਅਗਲੇ ਮਹੀਨਿਆਂ 'ਚ ਹੋਣ ਜਾ ਰਹੀਆਂ ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਲਈ ਸਰਕਾਰ ਵਲੋਂ ਨਗਰ ਕੌਂਸਲ ਦੀ ਨਵੀਂ ਹਲਕਾਬੰਦੀ ਸੰਬੰਧੀ ਖਰੜਾ ਜਾਰੀ ਕੀਤਾ ਗਿਆ ਹੈ ਤੇ ਇਸ ਸਬੰਧੀ ਇਤਰਾਜ਼ ਵੀ ਮੰਗੇ ਗਏ ਹਨ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਵਲੋਂ ਜਾਰੀ ਪੱਤਰ ਅਨੁਸਾਰ ਹੱਦਬੰਦੀ ਸਬੰਧੀ ਅਧਿਸੂਚਨਾ ਅਨੁਸਾਰ ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡ ਵਿਚੋਂ ਵਾਰਡ ਨੰਬਰ 6, 8, ਅਤੇ 12 ਨੂੰ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਕੀਤਾ ਗਿਆ ਹੈ | ਵਾਰਡ ਨੰਬਰ 3, 5, 7, 9, 11 ਨੂੰ ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 1 ਅਤੇ ਵਾਰਡ ਨੰਬਰ 13 ਅਨੁਸੂਚਿਤ ਜਾਤੀ ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ 4 ਪਛੜੀਆਂ ਲਈ ਰਾਖਵਾਂ ਅਤੇ ਵਾਰਡ ਨੰਬਰ 2 ਅਤੇ 10 ਜਨਰਲ ਰੱਖਿਆ ਗਿਆ ਹੈ | ਵਾਰਡਾਂ ਦੀ ਨਵੀਂ ਹਲਕਾਬੰਦੀ ਸੰਬੰਧੀ ਜਾਰੀ ਖਰੜਾ ਸ਼ਹਿਰ ਦੇ ਕਈ ਮੌਜੂਦਾਂ ਕੌਂਸਲਰਾਂ ਨੂੰ ਰਾਸ ਨਹੀਂ ਆ ਰਿਹਾ | ਜਿਸ ਤਰੀਕੇ ਨਾਲ ਵਾਰਡਾਂ ਦੀ ਨਵੀਂ ਹਲਕਾਬੰਦੀ ਸਾਹਮਣੇ ਆਈ ਹੈ ਉਹ ਸ਼ਹਿਰ ਵਾਸੀਆਂ ਨੂੰ ਚੱਕਰਾਂ 'ਚ ਪਾਉਣ ਵਾਲੀ ਹੈ | ਕਈ ਕੌਂਸਲਰਾਂ ਨੇ ਨਵੀਂ ਹਲਕਾਬੰਦੀ ਪ੍ਰਤੀ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਵਾਰਡ ਦੀ ਪੁਰਾਣੀ ਹੱਦਬੰਦੀ ਦੀ ਭੰਨਤੋੜ ਕਰਕੇ ਨਵੀਂ ਹਲਕਾਬੰਦੀ ਕੀਤੀ ਗਈ ਹੈ ਉਸ ਨਾਲ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋਵੇਗਾ ਤੇ ਇਹ ਹਲਕਾਬੰਦੀ ਸਿਰਫ ਤੇ ਸਿਰਫ ਸ਼ਹਿਰ ਦੇ ਵਿਕਾਸ ਨੂੰ ਇਕ ਪਾਸੇ ਰੱਖਕੇ ਸਿਆਸੀ ਸ਼ਹਿ 'ਤੇ ਤਿਆਰੀ ਕੀਤੀ ਗਈ ਹੈ |