ਮੁਕੇਰੀਆਂ, 30 ਦਸੰਬਰ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੀ ਪ੍ਰਤਿਭਾਸ਼ਾਲੀ ਸ਼ੂਟਿੰਗ ਖਿਡਾਰੀ ਨਾਜ਼ (ਰਾਸ਼ਟਰੀ ਸ਼ੂਟਿੰਗ ਚੈਂਪੀਅਨ) ਨੇ ਭੋਪਾਲ ਵਿਚ ਆਯੋਜਿਤ 68ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਦੇ ਚੋਣ ਟਰਾਇਲ ਲਈ ਸਿਲੈੱਕਟ ਹੋਈ ਹੈ | ਇਸ ਮੁਕਾਬਲੇ ਵਿਚ ਦੇਸ਼ ਭਰ ਦੇ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ | ਸਖ਼ਤ ਮੁਕਾਬਲੇ ਅਤੇ ਉੱਚ ਦਰਜੇ ਦੀ ਟੱਕਰ ਦੇ ਦਰਮਿਆਨ ਨਾਜ਼ ਨੇ ਆਪਣੀਆਂ ਸ਼ਾਨਦਾਰ ਨਿਸ਼ਾਨੇਬਾਜ਼ੀ, ਇਕਾਗਰਤਾ ਅਤੇ ਅਨੁਸ਼ਾਸਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ | ਇਸ ਮਹੱਤਵਪੂਰਨ ਉਪਲਬਧੀ ਨਾਲ ਨਾਜ਼ ਨੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਕੋਚ ਗੁਰਪ੍ਰੀਤ ਸਿੰਘ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਨਾਜ਼, ਉਸ ਦੇ ਮਾਤਾ-ਪਿਤਾ ਅਤੇ ਕੋਚ ਨੂੰ ਇਸ ਬੇਮਿਸਾਲ ਕਾਮਯਾਬੀ 'ਤੇ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |