ਹੁਸ਼ਿਆਰਪੁਰ, 30 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹਲਕਾ ਸ਼ਾਮਚੁਰਾਸੀ ਦੇ ਕਸਬਾ ਹਰਿਆਣਾ ਨੂੰ ਸਬ-ਤਹਿਸੀਲ ਬਣਾਉਣ ਦੀ ਮਨਜ਼ੂਰੀ ਮਿਲਣ 'ਤੇ ਕੈਬਨਿਟ ਮੰਤਰੀ ਤੇ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਨੇ ਇਸ ਬਿਹਤਰੀਨ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਇਸ ਦੂਰਦਰਸ਼ੀ ਅਤੇ ਲੋਕ ਭਲਾਈ ਭਰਪੂਰ ਅਗਵਾਈ ਲਈ ਮੁੱਖ ਮੰਤਰੀ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਅਤੇ ਹਰਿਆਣਾ ਦੇ ਸਬ-ਤਹਿਸੀਲ ਬਣਨ ਨਾਲ ਇਲਾਕਾ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਨਾਲ ਜੁੜੀਆਂ ਸਹੂਲਤਾਂ ਹੁਣ ਪਹਿਲਾਂ ਨਾਲੋਂ ਹੋਰ ਵਧੇਰੇ ਆਸਾਨੀ ਨਾਲ ਮਿਲਣਗੀਆਂ ਅਤੇ ਉਨ੍ਹਾਂ ਨੂੰ ਦਫ਼ਤਰੀ ਕੰਮਾਂ ਲਈ ਦੂਰ ਨਹੀਂ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਸਬ-ਤਹਿਸੀਲ ਨਾਲ ਲੋਕਾਂ ਨੂੰ ਜ਼ਮੀਨ ਅਤੇ ਮਾਲ ਮਹਿਕਮੇ ਦੇ ਹੋਰਨਾਂ ਕੰਮਾਂ ਲਈ ਤਤਕਾਲੀਨ ਸੇਵਾਵਾਂ ਮਿਲਣਗੀਆਂ ਅਤੇ ਇਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ | ਇਸ ਤੋਂ ਇਲਾਵਾ ਸਥਾਨਕ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਵੀ ਸੁਧਾਰ ਹੋਵੇਗਾ |