ਦਸੂਹਾ, 30 ਦਸੰਬਰ (ਕੌਸ਼ਲ)- ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ ਵਿਖੇ ਰੋਗੀ ਕਲਿਆਣ ਸੰਮਤੀ ਦੀ ਇਸ ਸਾਲ ਦੀ ਚੌਥੇ ਕੁਆਟਰ ਦੀ ਮੀਟਿੰਗ ਹੋਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਰੋਗੀ ਕਲਿਆਣ ਸੰਮਤੀ ਵਲੋਂ ਜੋ ਪਿਛਲੇ ਕੁਆਟਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਜੋ ਫ਼ੈਸਲੇ ਲਏ ਗਏ ਸਨ, ਉਨ੍ਹਾਂ ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਸਾਲ ਦੀ ਚੌਥੇ ਕੁਆਟਰ ਦੀ ਮੀਟਿੰਗ ਵਿਚ ਵੀ ਕੁੱਝ ਅਹਿਮ ਫ਼ੈਸਲੇ ਲਏ ਗਏ ਹਨ, ਜਿਵੇਂ ਮਰੀਜ਼ਾਂ ਦੇ ਇਲਾਜ ਨੂੰ ਬਿਹਤਰ ਬਣਾਉਣ ਅਤੇ ਹਸਪਤਾਲ ਦੀ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਆਦਿ ਫ਼ੈਸਲੇ ਲਏ ਗਏ ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ | ਇਸ ਦੇ ਨਾਲ ਹਲਕਾ ਵਿਧਾਇਕ ਸ੍ਰੀ ਕਰਮਵੀਰ ਸਿੰਘ ਘੁੰਮਣ ਨੇ ਸਿਵਲ ਹਸਪਤਾਲ ਦਸੂਹਾ ਵੱਖ-ਵੱਖ ਵਾਰਡਾਂ, ਦਫ਼ਤਰਾਂ, ਐਮਰਜੈਂਸੀ, ਬਲੱਡ ਬੈਂਕ, ਨਸ਼ਾ ਛੁਡਾਊ ਕੇਂਦਰ, ਡਰੱਗ ਵੇਅਰ ਹਾਊਸ ਅਤੇ ਹਸਪਤਾਲ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡਾ. ਕਰਨਜੀਤ ਸਿੰਘ ਕਮੇਟੀ ਮੈਂਬਰ, ਵਿਸ਼ਾਲ ਖੋਸਲਾ ਅਤੇ ਯੋਗੇਸ਼ ਖੋਸਲਾ ਐਨ.ਜੀ.ਓ. ਕਮੇਟੀ ਮੈਂਬਰ, ਪਰਮਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਸੇਵਾ ਦਲ ਕਮੇਟੀ ਮੈਂਬਰ, ਦੀਦਾਰ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੇਵਾ ਸੁਸਾਇਟੀ ਪ੍ਰਧਾਨ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਲਵਲੀ, ਗਗਨਦੀਪ ਸਿੰਘ ਕਮੇਟੀ ਮੈਂਬਰ ਹਾਜ਼ਰ ਹੋਏ |