ਜਗਰਾਉਂ, 1 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਦਿਨੀਂ ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਖਿਲਾਫ਼ ਦਿੱਤੇ ਜਾ ਰਹੇ ਧਰਨੇ 'ਤੇ ਬਣਿਆ ਪੱਕਾ ਸ਼ੈੱਡ ਪੁਲਿਸ ਵਲੋਂ ਤੋੜਨ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਅੱਜ ਜਦੋਂ ਇਹ ਸ਼ੈੱਡ ਫਿਰ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਤੇ ਪਿੰਡ ਵਾਸੀ ਆਹਮੋ-ਸਾਹਮਣੇ ਹੁੰਦੇ ਦਿਖਾਈ ਦਿੱਤੇ | ਪ੍ਰਸ਼ਾਸ਼ਨ ਵਲੋਂ ਸ਼ੈੱਡ ਬਣਾਉਣ ਤੋਂ ਰੋਕਣ ਦੀ ਬੇਹੱਦ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪ੍ਰਸਾਸਨ ਨਾਕਾਮ ਰਿਹਾ ਜਦਕਿ ਪਿੰਡ ਵਾਸੀ ਸ਼ੈੱਡ ਬਣਾਉਣ ਵਿਚ ਕਾਮਯਾਬ ਹੋ ਗਏ | ਜਿਉਂ ਹੀ ਪਿੰਡ ਵਾਸੀਆਂ ਵਲੋਂ ਧਰਨੇ ਵਾਲੀ ਥਾਂ 'ਤੇ ਸੈੱਡ ਬਣਾਉਣ ਦੀ ਖ਼ਬਰ ਪ੍ਰਸ਼ਾਸ਼ਨ ਦੇ ਕੰਨੀ ਪਈ ਤਾਂ ਸਦਰ ਥਾਣਾ ਦੇ ਮੁਖੀ ਸੁਰਜੀਤ ਸਿੰਘ, ਏ.ਐੱਸ.ਆਈ. ਜਗਤਾਰ ਸਿੰਘ ਵਲੋਂ ਮੌਕੇ 'ਤੇ ਪਹੁੰਚ ਕੇ ਸ਼ੈੱਡ ਨਾ ਬਣਾਉਣ ਲਈ ਦਬਾਅ ਵੀ ਬਣਾਉਣਾ ਚਾਹਿਆ ਪ੍ਰੰਤੂ ਲੋਕ ਆਪਣੇ ਫ਼ੈਸਲੇ 'ਤੇ ਬਜਿੱਦ ਰਹੇ ਤੇ ਉਨ੍ਹਾਂ ਸੈਡ ਬਣਾਉਣ ਦੀ ਕਾਰਵਾਈ ਜ਼ਾਰੀ ਰੱਖੀ | ਇਸ ਦੌਰਾਨ ਹੀ ਡੀ.ਐੱਸ.ਪੀ. ਇੰਦਰਜੀਤ ਸਿੰਘ ਬੋਪਾਰਾਏ ਵਲੋਂ ਵੀ ਐਕਸ਼ਨ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਗੱਲਬਾਤ ਬੇਸਿੱਟਾ ਰਹੀ | ਸੂਤਰਾਂ ਅਨੁਸਾਰ ਸ਼ੈੱਡ ਬਣਾਉਣ ਵੇਲੇ ਲੱਗੇ ਕਾਰੀਗਰਾਂ ਦੀ ਵੀਡੀਓ ਦੇ ਸਟੇਟਸ ਰਾਹੀਂ ਪੁਲਿਸ ਤੱਕ ਜਾਣਕਾਰੀ ਪੁੱਜੀ ਤੇ ਪੁਲਿਸ ਨੂੰ ਇਕਦਮ ਹਰਕਤ ਵਿਚ ਆਉਣਾ ਪਿਆ | ਪਹਿਲਾ ਤਾਂ ਪੁਲਿਸ ਵਲੋਂ ਐਕਸ਼ਨ ਕਮੇਟੀ ਮੈਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਵਲੋਂ ਨਾਂ ਮੰਨਣ 'ਤੇ ਪੁਲਿਸ ਨੇ ਦਬਾਅ ਦਾ ਦਾਅ ਪੇਚ ਵੀ ਵਰਤਿਆ ਪ੍ਰੰਤੂ ਪਿੰਡ ਵਾਸੀ ਸ਼ੈੱਡ ਬਣਾਉਣ 'ਚ ਕਾਮਯਾਬ ਹੋ ਗਏ | ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਤੇਜ ਸਿੰਘ, ਸੁਖਜੀਤ ਸਿੰਘ, ਜਸਵੀਰ ਸਿੰਘ ਲੋਹਟ ਦਾ ਆਖਣਾ ਹੈ ਕਿ ਬੀਤੀ 26 ਅਪ੍ਰੈਲ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ 'ਤੇ ਪੁਲਿਸ ਵਲੋਂ ਧਰਨੇ ਵਾਲੀ ਥਾਂ 'ਤੇ ਹੱਲਾ ਬੋਲਕੇ ਕਾਫ਼ੀ ਨੁਕਸਾਨ ਕਰ ਦਿੱਤਾ ਸੀ ਪ੍ਰੰਤੂ ਹੁਣ ਜਦੋਂ ਉਹ ਅੱਤ ਦੀ ਧੁੱਪ ਤਾ ਬਚਾਅ ਲਈ ਦੁਬਾਰਾ ਸ਼ੈਡ ਬਣਾਉਣ ਲੱਗੇ ਸਨ ਤਾਂ ਪੁਲਿਸ ਨੇ ਸੈੱਡ ਨਾ ਬਣਾਉਣ ਦਾ ਤਾਨਾਸ਼ਾਹੀ ਫੁਰਮਾਨ ਸੁਣਾ ਦਿੱਤਾ | ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ, ਕੰਵਲਜੀਤ ਖੰਨਾ ਤੇ ਤਰਸੇਮ ਸਿੰਘ ਬੱਸੂਵਾਲ ਵੀ ਮੌਕੇ 'ਤੇ ਆ ਪਹੁੰਚੇ | ਇਸੇ ਦੌਰਾਨ ਹੀ ਵੱਡੀ ਗਿਣਤੀ ਵਿਚ ਬੀਬੀਆਂ ਤੇ ਮਰਦ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ ,ਜਗਤਾਰ ਸਿੰਘ ਦੇਹੜਕਾ ਤੇ ਤਰਸੇਮ ਸਿੰਘ ਬੱਸੂਵਾਲ ਨੇ ਆਖਿਆ ਕਿ ਪੁਲਿਸ ਦੋਗਲੀ ਨੀਤੀ ਨਾਲ ਲੋਕ ਸ਼ੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਲੰਘੇ ਕੱਲ੍ਹ ਡੀ.ਐੱਸ.ਪੀ. ਜਸਜੋਤ ਸਿੰਘ ਨਾਲ ਐੱਸ.ਐੱਚ.ਓ. ਸੁਰਜੀਤ ਸਿੰਘ ਦੀ ਮੌਜੂਦਗੀ 'ਚ ਇਹ ਸ਼ੈੱਡ ਸੜਕ ਤੋਂ ਹਟਵਾਂ ਰੱਖ ਕੇ ਬਣਾਉਣ ਦੀ ਸਹਿਮਤੀ ਬਣ ਗਈ ਸੀ ਪ੍ਰੰਤੁ ਅੱਜ ਪੁਲਿਸ ਨੇ ਆਪਣੇ ਵਾਅਦੇ ਤੋਂ ਮੁਨਕਰ ਹੁੰਦਿਆਂ ਸ਼ੈੱਡ ਬਣਾਉਣ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ | ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਉਂ ਵਿਖੇ ਹੋ ਰਹੀ ਵਿਸ਼ਾਲ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚਣ ਦਾ ਫ਼ੈਸਲਾ ਕੀਤਾ ਗਿਆ | ਇਸ ਸਮੇਂ ਸੁਖਦੇਵ ਸਿੰਘ ਗਿਆਨੀ, ਦਰਸ਼ਨ ਸਿੰਘ, ਮਨਿੰਦਰ ਸਿੰਘ ਨਾਨੂ, ਸਰਪੰਚ ਜਸਵੀਰ ਸਿੰਘ, ਸਵਰਨ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ |