ਰਾਏਕੋਟ, 4 ਜੂਨ (ਬਲਵਿੰਦਰ ਸਿੰਘ ਲਿੱਤਰ)-ਬੀਤੀ ਕੱਲ੍ਹ ਦੇਰ ਸ਼ਾਮ ਆਏ ਹਨੇਰੀ-ਝੱਖੜ ਸਮੇਂ ਰਾਏਕੋਟ-ਜਗਰਾਉਂ ਰੋਡ 'ਤੇ ਪੈਂਦੇ ਪਿੰਡ ਬੱਸੀਆਂ ਨਜ਼ਦੀਕ 2 ਮੋਟਰਸਾਈਕਲਾਂ ਦੀ ਸੜਕ ਵਿਚਕਾਰ ਇੱਟਾਂ ਦੇ ਭੱਠੇ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਵੱਖ-ਵੱਖ ਸਮੇਂ ਟਕਰਾਉਣ ਕਾਰਨ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਅਤੇ 3 ਨੌਜਵਾਨਾਂ ਦਾ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਮਿ੍ਤਕ ਨੌਜਵਾਨ ਹਰਪ੍ਰੀਤ ਸਿੰਘ (28) ਦੇ ਪਿਤਾ ਬਿੰਦਰ ਸਿੰਘ ਵਾਸੀ ਮੌਲਵੀਆਂ ਮੁਹੱਲਾ ਰਾਏਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਰਾਏਕੋਟ ਵਿਖੇ ਇਕ ਬੇਕਰੀ ਦੁਕਾਨ ਉੱਪਰ ਕੰਮ ਕਰਦਾ ਸੀ, ਪ੍ਰੰਤੂ ਬੀਤੀ ਕੱਲ੍ਹ 3 ਜੂਨ ਨੂੰ ਸ਼ਾਮ 6 ਵਜੇ ਦੇ ਕਰੀਬ ਆਪਣੇ ਇਕ ਦੋਸਤ ਸਨੀ ਨਾਲ ਪਿੰਡ ਬੱਸੀਆਂ ਸਾਈਡ ਤੋਂ ਰਾਏਕੋਟ ਸ਼ਹਿਰ ਵੱਲ ਨੂੰ ਆ ਰਿਹਾ ਸੀ ਤਾਂ ਅਚਾਨਕ ਸੜਕ ਵਿਚਕਾਰ ਖ਼ਰਾਬ ਹਾਲਤ ਵਿਚ ਖੜ੍ਹੇ ਟਰੈਕਟਰ-ਟਰਾਲੀ ਨਾਲ ਟਕਰਾਅ ਗਿਆ | ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੋਵੇਂ ਉਕਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਇੱਥੇ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਸਿਰ ਵਿਚ ਸੱਟ ਜ਼ਿਆਦਾ ਵੱਜਣ ਕਾਰਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਮੂੰਹ ਜਾ ਪਿਆ, ਜਦਕਿ ਦੂਜਾ ਨੌਜਵਾਨ ਸਨੀ ਇਲਾਜ ਅਧੀਨ ਹਸਪਤਾਲ ਵਿਚ ਦਾਖ਼ਲ ਹੈ | ਇਸ ਤੋਂ ਇਲਾਵਾ ਦੂਸਰੇ ਮੋਟਰਸਾਈਕਲ ਸਵਾਰ ਮਨਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਤੇ ਤੇਜਿੰਦਰ ਸਿੰਘ ਪੁੱਤਰ ਜਸਪ੍ਰੀਤ ਸਿੰਘ ਦੋਵੇਂ ਵਾਸੀ ਬੱਸੀਆਂ ਦਾ ਵੀ ਉਸ ਟਰੈਕਟਰ-ਟਰਾਲੀ ਨਾਲ ਹਾਦਸਾ ਵਾਪਰਿਆ ਹੈ, ਜੋ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ | ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਏਕੋਟ ਵਿਖੇ ਦਾਖ਼ਲ ਕਰਵਾਇਆ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਹਸਪਤਾਲ ਲਈ ਰੈੱਫਰ ਕਰ ਦਿੱਤਾ ਗਿਆ | ਇਸ ਘਟਨਾ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਏ.ਐਸ.ਆਈ ਜਗਦੀਪ ਸਿੰਘ ਵਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ | ਦੱਸਣਯੋਗ ਹੈ ਕਿ ਮਿ੍ਤਕ ਨੌਜਵਾਨ ਹਰਪ੍ਰੀਤ ਸਿੰਘ ਚਾਰ ਭੈਣਾਂ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਕਰੀਬ ਡੇਢ ਸਾਲ ਪਹਿਲਾਂ ਸ਼ਾਦੀ ਹੋਈ ਸੀ ਅਤੇ ਜਿਸ ਦਾ ਕਰੀਬ 3 ਮਹੀਨਿਆਂ ਦਾ ਬੱਚਾ ਵੀ ਹੈ, ਮਿ੍ਤਕ ਨੌਜਵਾਨ ਆਪਣੇ ਪਿੱਛੇ ਪਤਨੀ, ਬੱਚੇ ਤੇ ਪਰਿਵਾਰ ਨੂੰ ਰੌਦਿਆਂ-ਕੁਰਲਾਉਂਦਿਆਂ ਛੱਡ ਗਿਆ |