ਸਿੱਧਵਾਂ ਬੇਟ, 4 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਨੇ ਅੱਜ ਫਿਰ ਮੌਕੇ 'ਤੇ ਪੁੱਜ ਕੇ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਜਲੰਧਰ ਵਾਲੇ ਪਾਸੇ ਪਿੰਡ ਕੰਨੀਆਂ ਖੁਰਦ ਨਜ਼ਦੀਕ ਲੋਕਾਂ ਲਈ ਖਤਰਾ ਬਣੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਬੰਨ੍ਹ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ | ਲਾਗਲੇ ਪਿੰਡਾਂ ਦੇ ਨੌਜਵਾਨ ਲਗਾਤਾਰ ਇਸ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ | ਉਨ੍ਹਾਂ ਇਸ ਮੌਕੇ ਕੰਮ ਕਰ ਰਹੇ ਲੋਕਾਂ ਨੂੰ ਡੀਜ਼ਲ ਤੇ ਹੋਰ ਸਾਮਾਨ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਦਿੰਦੇ ਹੋਏ ਆਪਣੀਆਂ ਸੇਵਾਵਾਂ ਚਾਲੂ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਪੰਚ ਕਮਲਜੀਤ ਸਿੰਘ ਤੇ ਬੰਨ੍ਹ ਕਮੇਟੀ ਨੇ ਸਹਾਇਤਾ ਦੇਣ ਲਈ ਸਾਬਕਾ ਵਿਧਾਇਕ ਕਲੇਰ ਦਾ ਧੰਨਵਾਦ ਕੀਤਾ | ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਸਾਡੀ ਪਾਰਟੀ ਲੋਕਾਂ ਦੀ ਮਦਦ ਲਈ ਪੂਰੀ ਯਤਨਸ਼ੀਲ ਹੈ ਤੇ ਹਰ ਲੋੜਵੰਦ ਪਰਿਵਾਰ ਨੂੰ ਤਰਪਾਲਾਂ ਤੇ ਰਾਸ਼ਨ ਮੁਹੱਈਆ ਕਰਵਾ ਰਹੀ ਹੈ | ਉਨ੍ਹਾਂ ਬਦਲਾਅ ਵਾਲੀ ਸਰਕਾਰ ਤੋਂ ਵੀ ਪੀੜ੍ਹਤ ਲੋਕਾਂ ਲਈ ਤੁਰੰਤ ਰਾਹਤ ਰਾਸ਼ੀ ਭੇਜਣ ਦੀ ਮੰਗ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਤੇਜਿੰਦਰਪਾਲ ਸਿੰਘ ਕੰਨੀਆਂ, ਸਰਪੰਚ ਗੁਰਚਰਨ ਸਿੰਘ ਕੰਨੀਆਂ ਨੇ ਵੀ ਸਹਾਇਤਾ ਰਾਸ਼ੀ ਦੇਣ ਲਈ ਕਲੇਰ ਦਾ ਧੰਨਵਾਦ ਕੀਤਾ |