ਅੰਮਿ੍ਤਸਰ, 4 ਸਤੰਬਰ (ਹਰਮਿੰਦਰ ਸਿੰਘ)-ਮੌਨਸੂਨ ਦੀਆਂ ਬਰਸਾਤਾਂ ਨੇ ਇਸ ਮਾਰ ਵੱਡੀ ਮਾਰ ਮਾਰੀ ਹੈ | ਦਰਿਆਵਾਂ ਊਫਾਨ 'ਤੇ ਹਨ ਜਿਨ੍ਹਾਂ ਦੀ ਹੜ੍ਹਾਂ ਰੂਪੀ ਮਾਰ ਨੇ ਹਜ਼ਾਰਾਂ ਹੀ ਪਿੰਡਾਂ ਦੇ ਲੋਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ, ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਹਾਲਤ ਬਦ ਤੋਂ ਬਹੱਤਰ ਹੋਏ ਪਏ ਹਨ | ਅੰਮਿ੍ਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਗੰਦਗੀ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਗਈ ਹੈ ਅਤੇ ਇਸ ਦੇ ਸੜਕਾਂ 'ਤੇ ਪਈ ਲੁੱਕ ਅਤੇ ਬਜਰੀ ਮੱਕੀ ਦੇ ਦਾਣਿਆਂ ਦੀ ਤਰ੍ਹਾਂ ਖਿੱਲਰ ਗਈਆਂ ਹਨ | ਜਿਸ ਕਾਰਨ ਸ਼ਹਿਰ ਦੇ ਲੋਕਾਂ ਸਾਹਮਣੇ ਵੱਡੀ ਸਮੱਸਿਆ ਆਨ ਖੜ੍ਹੀ ਹੋਈ ਹੈ | ਇਸ ਵਾਰ ਮੌਨਸੂਨ ਦੀਆਂ ਬਰਸਾਤਾਂ ਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ | ਮਈ ਮਹੀਨੇ ਤੋਂ ਸ਼ੁਰੂ ਹੋਈਆਂ ਬਰਸਾਤਾਂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਵੀ ਰੁਕਣ ਦਾ ਸਾਹ ਨਹੀਂ ਲੈ ਰਹੀਆਂ | ਇਨ੍ਹਾਂ ਬਰਸਾਤਾਂ ਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਹੜ੍ਹਾਂ ਦੇ ਰੂਪ 'ਚ ਬਹੁਤ ਤਬਾਹੀ ਮਚਾਈ ਜਿਸ ਦੀਆਂ ਤਸਵੀਰਾਂ ਨੂੰ ਦੇਖ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ | ਸ਼ਹਿਰਾਂ 'ਚ ਵੀ ਮੌਨਸੂਨ ਦੀਆਂ ਬਰਸਾਤਾਂ ਨੇ ਬਰਬਾਦੀ ਦੀਆਂ ਪੈੜਾ ਛੱਡੀਆਂ ਹਨ | ਅੰਮਿ੍ਤਸਰ ਸ਼ਹਿਰ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ | ਗੰਦਗੀ ਥਾਂ ਥਾਂ 'ਤੇ ਫੈਲ ਗਈ ਹੈ ਅਤੇ ਸੜਕਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਖਸਤਾ ਹੋ ਗਈ ਹੈ | ਜੋ ਟੋਏ ਪਹਿਲਾਂ ਛੋਟੇ ਛੋਟੇ ਸਨ ਉਹ ਹੁਣ ਖੱਡੇ ਬਣ ਗਏ ਹਨ ਜਿਨ੍ਹਾਂ ਵਿਚੋਂ ਲੁੱਕ ਅਤੇ ਬਜਰੀ ਖਿੱਲਰ ਗਈ ਹੈ | 'ਅਜੀਤ' ਦੀ ਟੀਮ ਵਲੋਂ ਜਦੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਤਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਖ਼ਾਸ ਕਰਕੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਸਨ | ਜਿਸ ਦੀ ਬਦਬੂ ਦੂਰ ਦੂਰ ਤੱਕ ਫੈਲ ਰਹੀ ਸੀ | ਇਸ ਦਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਇਹ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਨਾ ਹੋ ਕੇ ਕਿਸੇ ਸਰਹੱਦੀ ਖੇਤਰ ਦਾ ਪਛੜਿਆ ਹੋਇਆ ਇਲਾਕਾ ਹੋਵੇ | ਕੂੜੇ ਦੇ ਢੇਰਾਂ ਤੋਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਈ ਦਿਨਾਂ ਤੋਂ ਸ਼ਹਿਰ 'ਚੋਂ ਕੂੜੇ ਦੀ ਚੁਕਾਈ ਨਾ ਹੋਈ ਹੋਵੇ | ਗੰਦਗੀ ਨੂੰ ਲੈ ਕੇ ਸ਼ਹਿਰ ਦੀ ਜਿਸ ਤਰ੍ਹਾਂ ਦੀ ਹਾਲਤ ਬਣੀ ਹੈ ਅਜਿਹੇ 'ਚ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਦਸਤਕ ਦੇ ਸਕਦੀ ਹੈ | ਸ਼ਹਿਰ ਦੀਆਂ ਸੜਕਾਂ ਦੀ ਹਾਲਤ ਜੋ ਪਹਿਲਾਂ ਹੀ ਬਹੁਤ ਮਾੜੀ ਸੀ ਹੁਣ ਹੋਰ ਵੀ ਖਸਤਾ ਹੋ ਗਈ ਹੈ | ਨਗਰ ਨਿਗਮ ਵਲੋਂ ਸ਼ਹਿਰ 'ਚ 45 ਕਰੋੜ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਸੀ | ਇਨ੍ਹਾਂ ਵਿਚੋਂ ਕੁਝ ਸੜਕਾਂ ਬਣੀਆਂ ਹਨ ਅਤੇ ਬਹੁਤ ਸਾਰੀਆਂ ਸੜਕਾਂ ਅਜੇ ਬਣਨੀਆਂ ਬਾਕੀ ਹਨ, ਜਿਨ੍ਹਾਂ ਵਿਚੋਂ ਕਈ ਸੜਕਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਨੀਂਹ ਪੱਥਰ ਰੱਖੇ ਗਏ ਹਨ ਪਰ ਮੌਨਸੂਨ ਦੀ ਸਮੇਂ ਤੋਂ ਪਹਿਲਾਂ ਦਸਤਕ ਕਾਰਨ ਸੜਕਾਂ ਦੇ ਕੰਮ ਅੱਧ ਵਿਚਾਲੇ ਹੀ ਰਹਿ ਗਿਆ | ਸ਼ਹਿਰ ਦੀਆਂ 90 ਫ਼ੀਸਦੀ ਸੜਕਾਂ ਦੀ ਹਾਲਤ ਤਰਸਯੋਗ ਹੈ ਜੋ ਨਿੱਤ ਹੀ ਹਾਦਸਿਆਂ ਦਾ ਸਬੱਬ ਬਣ ਰਹੀਆਂ ਹਨ |
ਮੀਂਹ ਦੇ ਕਾਰਨ ਸ਼ਹਿਰ 'ਚ ਕਈ ਪੁਰਾਣੀਆਂ ਇਮਾਰਤਾਂ ਡਿੱਗ ਚੁੱਕੀਆਂ ਹਨ ਅਤੇ ਕਈ ਹੋਰ ਅਜਿਹੀ ਕਗਾਰ 'ਤੇ ਹਨ | ਲੰਘੇ ਤਿੰਨ ਦਿਨਾਂ 'ਚ ਮੀਂਹ ਦੇ ਕਾਰਨ ਹੁਣ ਤੱਕ ਅੰਮਿ੍ਤਸਰ 'ਚ 9 ਇਮਾਰਤਾਂ ਪੂਰੀ ਤਰ੍ਹਾਂ ਡਿੱਗ ਚੁੱਕੀਆਂ ਹਨ | ਇਸ ਦੌਰਾਨ ਇਕ ਮਲਬੇ ਹੇਠਾਂ ਦੱਬ ਕੇ ਇਕ ਔਰਤ ਦੀ ਵੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ ਕਈ ਇਮਾਰਤਾਂ ਦੇ ਕੁਝ ਹਿੱਸੇ ਵੀ ਡਿਗ ਗਏ | ਸਾਲ 2025 ਦੀ ਮੌਨਸੂਨ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ | ਜਿਸ ਦੇ ਮੀਂਹ ਨੇ ਬਰਬਾਦੀ ਦੀਆਂ ਵੱਡੀਆਂ ਪੈੜਾਂ ਛੱਡਦੇ ਹੋਏ ਬਹੁਤ ਸਾਰੇ ਪਰਿਵਾਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ |
ਮੀਂਹ ਨੇ ਛੱਡੀਆਂ ਬਰਬਾਦੀ ਦੀਆਂ ਪੈੜਾਂ
ਅਜੀਤ ਡੈਸਕ
05-09-2025