ਸੁਲਤਾਨਵਿੰਡ, 4 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਇੱਕ ਬੱਸ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ | ਇਸ ਮੌਕੇ ਜਾਣਕਾਰੀ ਦੇਂਦਿਆਂ ਥਾਣਾ ਸੁਲਤਾਨਵਿੰਡ ਦੇ ਮੁੱਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਐੱਸ.ਆਈ. ਜਗਜੀਤ ਸਿੰਘ ਏ. ਐੱਸ. ਆਈ. ਸੁਰਜੀਤ ਸਿੰਘ, ਏ.ਐੱਸ. ਆਈ. ਅਵਤਾਰ ਸਿੰਘ ਵਲੋਂ ਪੁਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਤੇ ਗਸ਼ਤ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਸੁਲਤਾਨਵਿੰਡ ਦੇ ਇਲਾਕੇ ਵਿਚ ਪਹੁੰਚੀ ਤਾਂ ਇੱਕ ਨੌਜਵਾਨ ਜੋ ਪੈਦਲ ਆ ਰਿਹਾ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਪਿੱਛੇ ਮੁੜਨ ਲੱਗਿਆ ਤਾਂ ਪੁਲਿਸ ਵਲੋਂ ਇਸ ਨੌਜਵਾਨ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ਵਿਚੋਂ 7 ਗ੍ਰਾਮ 80 ਮਿਲੀ ਹੈਰੋਇਨ ਤੇ 600 ਰੁਪਏ ਡਰੱਗ ਮਨੀ ਬਰਾਮਦ ਹੋਈ, ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਅਮਨਪ੍ਰੀਤ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪੱਤੀ ਸੁਲਤਾਨ ਦੀ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਵਜੋਂ ਹੋਈ ਹੈ | ਇਸ ਵਿਅਕਤੀ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਐੱਨ., ਡੀ.ਪੀ.ਐੱਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਅੱਜ ਇਸ ਨੌਜਵਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਕੁਝ ਦਿਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ |
ਪੁਲਿਸ ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਨੌਜਵਾਨ ਕਾਬੂ
ਅਜੀਤ ਡੈਸਕ
05-09-2025