ਸਿੱਧਵਾਂ ਬੇਟ, 21 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਨਜ਼ਦੀਕ ਜਗਰਾਉਂ-ਨਕੋਦਰ ਮਾਰਗ 'ਤੇ ਬਣੇ ਰੋਹਿਨ-ਰਾਜਦੀਪ ਟੋਲ ਪਲਾਜ਼ਾ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵਲੋਂ ਹੋਰ ਹਮਖਿਆਲੀ ਲੋਕਾਂ ਨੇ ਅੱਜ ਤੀਜੇ ਦਿਨ ਵੀ ਬੰਦ ਰੱਖ ਕੇ ਰਾਹੀਗਰਾਂ ਨੂੰ ਟੋਲ ਫਰੀ ਦੀ ਸਹੂਲਤ ਦਿੱਤੀ, ਪਰ ਅਜੇ ਤੱਕ ਕੋਈ ਵੀ ਅਧਿਕਾਰੀ ਜਾਂ ਫਿਰ ਸਿਵਲ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ | ਜਿਨ੍ਹਾਂ ਦੇ ਮੰਗਲਵਾਰ ਨੂੰ ਪੁੱਜਣ ਦੀ ਸੰਭਾਵਨਾ ਹੈ | ਇਸ ਮੌਕੇ 'ਤੇ ਤਿੰਨ ਦਿਨਾਂ ਤੋਂ ਟੋਲ ਪਲਾਜ਼ਾ 'ਤੇ ਧਰਨਾ ਲਗਾਈ ਬੈਠੇ ਲੋਕਾਂ ਲਈ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਅਤੇ ਚਰਨਜੀਤ ਸਿੰਘ ਸਿੱਧੂ (ਕੈਨੇਡਾ) ਖਾਣ ਵਾਲੀਆਂ ਵਸਤੂਆਂ ਲੈ ਕੇ ਪੁੱਜੇ | ਉਨ੍ਹਾਂ ਇਸ ਮੌਕੇ ਮਾਨ ਸਰਕਾਰ ਦੀ ਸਖ਼ਤ ਅਲੋਚਣਾ ਕਰਦਿਆਂ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਮਾਰਗ ਬਲਾਕ ਸਿੱਧਵਾਂ ਬੇਟ ਦੇ ਪਿੰਡ ਸਦਰਪੁਰਾ ਤੋਂ ਲੈ ਕੇ ਨਕੋਦਰ ਤੱਕ ਥਾਂ-ਥਾਂ ਤੋਂ ਬੁਰੀ ਤਰ੍ਹਾਂ ਟੁੱਟਿਆ ਪਿਆ ਹੈ | ਇਉਂ ਲੱਗਦਾ ਹੈ ਕਿ ਇਸ ਮਾਰਗ 'ਤੇ ਟੋਏ ਨਹੀਂ ਸਗੋਂ ਟੋਇਆਂ ਵਿੱਚ ਮਾਰਗ ਬਣਿਆ ਹੋਇਆ ਹੈ | ਜਿਸ ਨਾਲ ਰੋਜ਼ਾਨਾ ਵਾਹਨ ਹਾਦਸਾ ਗ੍ਰਸਤ ਹੋ ਰਹੇ ਹਨ | ਉਨ੍ਹਾਂ ਆਖਿਆ ਕਿ ਇਹ ਵੀ ਸ਼ਰਮ ਵਾਲੀ ਗੱਲ ਹੈ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਕੰਪਨੀ ਦਾ ਅਤੇ ਹਾਕਮ ਧਿਰ ਦਾ ਕੋਈ ਵੀ ਵਿਅਕਤੀ ਰੋਲ 'ਤੇ ਨਹੀਂ ਪੁੱਜਾ | ਉਨ੍ਹਾਂ ਆਖਿਆ ਕਿ ਮਾਨ ਸਰਕਾਰ ਤੁਰੰਤ ਕੰਪਨੀ ਮਾਲਕਾ ਨੂੰ ਸਖ਼ਤ ਨਿਰਦੇਸ਼ ਜਾਰੀ ਕਰਕੇ ਇਸ ਮਾਰਗ 'ਤੇ ਪ੍ਰੀਮਿਕਸ ਪਾਉਣ ਦਾ ਪ੍ਰਬੰਧ ਕਰਨ | ਇਸ ਮੌਕੇ ਕਿਸਾਨ ਆਗੂ ਤੇਜਿੰਦਰਪਾਲ ਸਿੰਘ ਸਿੱਧੂ ਕੰਨੀਆਂ ਖੁਰਦ, ਗੋਪਾਲ ਸਿੰਘ, ਕਿਹਰ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਕਈ ਹੋਰ ਕਿਸਾਨ ਵੀਰ ਹਾਜ਼ਰ ਸਨ |