ਸਿੱਧਵਾਂ ਬੇਟ, 25 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਨਜ਼ਦੀਕ ਜਗਰਾਉਂ-ਨਕੋਦਰ ਮਾਰਗ 'ਤੇ ਬਣੇ ਰੋਹਨ-ਰਾਜਦੀਪ ਟੋਲ ਪਲਾਜ਼ਾ ਕੰਪਨੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵਲੋਂ ਹੋਰ ਹਮਖਿਆਲੀ ਲੋਕਾਂ ਨੂੰ ਲੈ ਕੇ ਪਿਛਲੇ ਇਕ ਹਫਤੇ ਤੋਂ ਦਿੱਤੇ ਜਾ ਰਹੇ ਧਰਨੇ ਵਿਚ ਸਮਾਜ ਸੇਵੀ ਭਾਨਾ ਸਿੱਧੂ ਦੀ ਐਂਟਰੀ ਹੋਣ ਉਪਰੰਤ ਪ੍ਰਸ਼ਾਸਨ ਅਤੇ ਟੋਲ ਕੰਪਨੀ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਆਪਸੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ | ਇਸੇ ਕੜੀ ਤਹਿਤ ਅੱਜ ਧਰਨੇ ਦੇ ਸੱਤਵੇਂ ਦਿਨ ਐੱਸ.ਡੀ.ਐੱਮ. ਲਾਲ ਵਿਸਵਾਸ ਨੇ ਪੁੱਜ ਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ | ਇਸ ਮੌਕੇ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੰਪਨੀ ਦੇ ਖਾਤੇ ਵਿਚ ਕਰੀਬ 7 ਕਰੋੜ ਰੁਪਏ ਜਮ੍ਹਾਂ ਹੋਣ ਦੇ ਬਾਵਜੂਦ ਕੰਪਨੀ ਬਲਾਕ ਸਿੱਧਵਾਂ ਬੇਟ ਦੇ ਪਿੰਡ ਸਦਰਪੁਰਾ ਤੋਂ ਨਕੋਦਰ ਤੱਕ ਇਸ ਮਾਰਗ 'ਤੇ ਪ੍ਰੀਮਿਕਸ ਪਾਉਣ ਤੋਂ ਟਾਲਾ ਵੱਟ ਰਹੀ ਹੈ ਜਦਕਿ ਕੰਪਨੀ ਨੇ ਹਰ ਪੰਜ ਸਾਲ ਬਾਅਦ ਨਿਯਮਾਂ ਅਨੁਸਾਰ ਪ੍ਰੀਮਿਕਸ ਪਾਉਣੀ ਹੁੰਦੀ ਹੈ, ਜੋ ਕਿ ਇੰਨ੍ਹਾਂ ਨੇ ਪਿਛਲੇ ਦਸ ਸਾਲਾਂ ਤੋਂ ਪਾਈ ਹੀ ਨਹੀਂ | ਇਸ ਲਈ ਅਸੀਂ ਉਨਾਂ ਚਿਰ ਟੋਲ ਫਰੀ ਰੱਖਾਂਗੇ ਜਿੰਨ੍ਹਾਂ ਚਿਰ ਇਸ ਮਾਰਗ 'ਤੇ ਪ੍ਰੀਮਿਕਸ ਨਹੀਂ ਪਾਈ ਜਾਂਦੀ ਜਾਂ ਫਿਰ ਇਸ ਟੋਲ ਨੂੰ ਬੰਦ ਕਰਵਾ ਕੇ ਜਾਉ | ਪਰ ਐੱਸ.ਡੀ.ਐੱਮ. ਨੇ ਇਸ ਗੱਲ ਦੀ ਤਾਂ ਹਾਮੀ ਨਹੀਂ ਭਰੀ ਪਰ ਉਨ੍ਹਾਂ ਜਲਦੀ ਹੀ ਇਸ ਮਸਲੇ ਦਾ ਹੱਲ ਕੱਢਣ ਦਾ ਵਿਸ਼ਵਾਸ ਜ਼ਰੂਰ ਦਿਵਾਇਆ | ਜਦੋਂ ਇਸ ਸੰਬੰਧੀ ਪੱਤਰਕਾਰਾ ਨੇ ਐੱਸ.ਡੀ.ਐੱਮ. ਨੂੰ ਸਵਾਲ ਕੀਤਾ ਕਿ ਕੰਪਨੀ ਨੇ ਦੱਸਿਆ ਹੈ ਕਿ ਸਾਡੇ ਖਾਤੇ ਵਿਚ ਪ੍ਰੀਮਿਕਸ ਪਾਉਣ ਲਈ ਕਰੀਬ 7 ਕਰੋੜ ਰੁਪਏ ਜਮ੍ਹਾਂ ਹਨ ਪਰ ਸੂਬਾ ਸਰਕਾਰ ਨੇ ਇਸ ਨੂੰ ਕਢਵਾਉਣ 'ਤੇ ਰੋਕ ਲਗਾ ਰੱਖੀ ਹੈ ਤਾਂ ਉਨ੍ਹਾਂ ਆਖਿਆ ਕਿ ਕੰਪਨੀ ਵਲੋਂ ਨਿਯਮਾਂ ਦੀ ਕੋਈ ਉਲੰਘਣਾ ਕੀਤੀ ਹੋਵੇਗੀ | ਦੂਜੇ ਪਾਸੇ ਇਸ ਮੌਕੇ ਪੁੱਜੇ ਕੰਪਨੀ ਦੇ ਸਥਾਨਕ ਮੈਨੇਜ਼ਰ ਰਾਜੀਵ ਸਰਮਾ ਨੇ ਵੀ ਦੋ ਕਦਮ ਅੱਗੇ ਹੁੰਦੇ ਹੋਏ ਆਖਿਆ ਕਿ ਜਿੰਨ੍ਹਾਂ ਚਿਰ ਤੁਹਾਡੀ ਜਥੇਬੰਦੀ ਦੀ ਸਹਿਮਤੀ ਨਹੀਂ ਹੁੰਦੀ ਉਨਾਂ ਚਿਰ ਅਸੀਂ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਾਂਗੇ | ਉਪਰੰਤ ਕਿਸਾਨ ਜਥੇਬੰਦੀ ਨੇ 2 ਅਕਤੂਬਰ ਤੱਕ ਪੱਕੇ ਤੌਰ 'ਤੇ ਧਰਨਾ ਚੁੱਕਣ ਦਾ ਐਲਾਨ ਕਰਦਿਆਂ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਜਗਰਾਉਂ-ਜਲੰਧਰ ਮਾਰਗ ਨੂੰ ਠੱਪ ਕਰਨ ਵਾਲਾ ਫ਼ੈਸਲਾ ਵੀ ਇਕ ਹਫ਼ਤੇ ਲਈ ਟਾਲ ਦਿੱਤਾ | ਇਸ ਮੌਕੇ ਜਥੇਬੰਦੀ ਵਲੋਂ ਰੋਹਨ-ਰਾਜਦੀਪ ਕੰਪਨੀ ਦਾ ਪੁਤਲਾ ਫੂਕ ਕੇ ਰੋਸ ਜਿਤਾਇਆ | ਇਸ ਮੌਕੇ ਨਰਿੰਦਰ ਸਿੰਘ ਬਾਜਵਾ, ਪ੍ਰਧਾਨ ਲਖਬੀਰ ਸਿੰਘ, ਤੇਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਹਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਸੁਖਬੀਰ ਸਿੰਘ, ਸਤਬੀਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਇਕਬਾਲ ਸਿੰਘ, ਲਾਡੀ ਲਹੌਰੀਆ, ਨਗਿੰਦਰ ਸਿੰਘ, ਗੁਰਮੁੱਖ ਸਿੰਘ, ਪਾਲ ਸਿੰਘ, ਜਗਮੋਹਣ ਸਿੰਘ, ਪਰਮਜੀਤ ਸਿੰਘ, ਬਾਬਾ ਬਲਵੰਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸਿੰਗਾਰਾ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ, ਮਹਿੰਦਰ ਸਿੰਘ, ਕੇਹਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਕਿਸਾਨ ਵੀਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ |