ਹੰਬੜਾਂ, 25 ਸਤੰਬਰ (ਮੇਜਰ ਹੰਬੜਾਂ)-ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਸਬੰਧੀ ਜਿੱਥੇ ਕਿਸਾਨਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ ਉੱਥੇ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਵਾਲੇ ਕਿਸਾਨਾਂ ਨੂੰ ਸਭਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰੇਗੀ | ਇਹ ਪ੍ਰਗਟਾਵਾ ਖੇਤੀਬਾੜੀ ਸਹਿਕਾਰੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਪਰਾਲੀ ਵਾਲੇ ਖੇਤਾਂ ਦੀ ਵਹਾਈ ਲਈ ਉਲਟਾਵੇਂ ਹਲ, ਤਵੀਆਂ, ਪਲਾਓ ਸਮੇਤ ਹੋਰ ਮਸ਼ੀਨਰੀ ਸਭਾ ਵਲੋਂ ਪਹਿਲ ਦੇ ਅਧਾਰ 'ਤੇ ਕਿਸਾਨਾਂ ਨੂੰ ਦਿੱਤੇ ਜਾਣ ਦਾ ਐਲਾਨ ਕਰਦਿਆਂ ਕੀਤਾ | ਪ੍ਰਧਾਨ ਚਾਵਲਾ ਨੇ ਕਿਹਾ ਕਿ ਖੇਤੀਬਾੜੀ ਸਭਾ ਕੋਲ ਝੋਨੇ ਦੇ ਵੱਢ 'ਚ ਵਰਤੇ ਜਾਣ ਵਾਲੇ ਆਧੁਨਿਕ ਰੀਪਰ ਮੌਜੂਦ ਹਨ, ਜਿਸਦਾ ਬਹੁਤ ਖਰਚ ਸਭਾ ਨੂੰ ਦੇਣਾ ਪਵੇਗਾ | ਚਾਵਲਾ ਨੇ ਕਿਹਾ ਕਿ ਖੇਤਾਂ 'ਚ ਅੱਗਾਂ ਲਗਾਏ ਜਾਣ ਨਾਲ ਫੈਲਦੇ ਪ੍ਰਦੂਸ਼ਣ ਨੂੰ ਰੋਕੇ ਜਾਣ ਦੇ ਸਭਾ ਵਲੋਂ ਯਤਨ ਕੀਤੇ ਜਾ ਰਹੇ ਹਨ | ਪ੍ਰਧਾਨ ਚਾਵਲਾ ਨੇ ਕਿਹਾ ਕਿ ਖੇਤੀਬਾੜੀ ਸਭਾ ਹੰਬੜਾਂ ਟਰੈਕਟਰਾਂ ਸਮੇਤ ਕਣਕ ਦੀ ਬਿਜਾਈ ਲਈ ਸੁਪਰਸੀਡਰ, ਹੈਪੀਸੀਡਰ ਵੀ ਕਿਸਾਨਾਂ ਨੂੰ ਪਹਿਲ ਦੇ ਅਧਾਰ ਦੇਵੇਗੀ | ਪ੍ਰਧਾਨ ਚਾਵਲਾ ਨੇ ਦੱਸਿਆ ਕਿ ਸਭਾ ਦੇ ਦਰਜਨ ਦੇ ਕਰੀਬ ਪਿੰਡਾਂ 'ਚ ਕਿਸਾਨਾਂ ਵਲੋਂ ਪਹਿਲਾਂ ਵੀ ਖੇਤਾਂ 'ਚ ਅੱਗਾਂ ਨਹੀਂ ਲਗਾਈਆਂ ਜਾ ਰਹੀਆਂ ਤੇ ਇਸ ਵਾਰ ਵੀ ਕਿਸਾਨ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਪਰਾਲੀ ਵਾਲੇ ਖੇਤਾਂ ਨੂੰ ਅੱਗ ਨਹੀਂ ਲਗਾਉਣਗੇ |