ਰਾਏਕੋਟ, 25 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੂਬੇ 'ਚ ਹੜ੍ਹਾਂ ਵਲੋਂ ਮਚਾਈ ਭਾਰੀ ਤਬਾਹੀ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਇਸ ਔਖੇ ਸਮੇਂ ਵਿਚ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਲਈ ਯਤਨਸ਼ੀਲ ਹਨ | ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਪਿੰਡ ਸੀਲੋਆਣੀ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਬਲਵਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਹੜ੍ਹਾਂ ਦੇ ਭਿਆਨਕ ਮੰਜ਼ਰ ਨੂੰ ਦੇਖਦੇ ਹੋਏ ਬਾਕੀ ਸਿਆਸੀ ਪਾਰਟੀਆਂ ਪੀੜ੍ਹਤ ਲੋਕਾਂ ਨੂੰ ਮੁਸੀਬਤਾਂ ਵਿਚ ਇਕੱਲਿਆਂ ਛੱਡ ਕੇ ਭੱਜ ਗਈਆਂ ਸਨ ਪ੍ਰੰਤੂ ਪੰਜਾਬ ਦੀ ਇਕੋ-ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪੀੜਤ ਲੋਕਾਂ ਦੀ ਬਾਂਹ ਫੜ੍ਹੀ ਅਤੇ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ | ਸੰਧੂ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਵਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਤੇ ਕਿਸਾਨਾਂ ਦੀ ਮਦਦ ਲਈ ਬਣਦਾ ਸਹਿਯੋਗ ਦਿੱਤਾ ਜਾਵੇ | ਜਿਸ ਤਹਿਤ ਹਲਕਾ ਰਾਏਕੋਟ ਤੋਂ ਆਰਥਿਕ ਮਦਦ ਇਕੱਠੀ ਕਰਨ ਸਮੇਤ ਕਣਕ ਬੀਜ਼, ਡੀਜ਼ਲ, ਪਸ਼ੂਆਂ ਲਈ ਚਾਰਾ ਆਦਿ ਵਸਤੂਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਇਸ ਮੌਕੇ ਪਿੰਡ ਸੀਲੋਆਣੀ ਦੇ ਅਕਾਲੀ ਵਰਕਰਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਹਾਈਕਮਾਂਡ ਦੇ ਹੁਕਮਾਂ ਮੁਤਾਬਿਕ ਬਣਦਾ ਸਹਿਯੋਗ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਮਨਦੀਪ ਸਿੰਘ ਸੀਲੋਆਣੀ, ਅਕਾਲੀ ਆਗੂ ਸੁਖਬੀਰ ਸਿੰਘ ਸੁੱਖਾ ਸੀਲੋਆਣੀ, ਸਰਪੰਚ ਰਾਜਵੀਰ ਸਿੰਘ ਸੀਲੋਆਣੀ, ਤਾਰ ਸਿੰਘ ਧਾਲੀਵਾਲ, ਪੱਪੂ ਸਿੰਘ, ਰਾਜਦੀਪ ਸਿੰਘ ਸੀਲੋਆਣੀ, ਅਰਸ਼ਪ੍ਰੀਤ ਸਿੰਘ, ਇੰਦਰਜੀਤ ਸਿੰਘ, ਰਾਜਦੀਪ ਸਿੰਘ, ਤਰਲੋਚਨ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਸਰਜਾ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |