ਜਗਰਾਉਂ, 25 ਸਤੰਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਅਤੇ ਆਪਣਾ ਪੰਜਾਬ ਫਾਊਾਡੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ 'ਚ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਮੁੱਖ ਤੌਰ 'ਤੇ ਪਾਠ, ਗੀਤ, ਪੋਸਟਰ ਮੇਕਿੰਗ, ਕੈਲੀਗ੍ਰਾਫ਼ੀ ਐਲੀਮੈਂਟਰੀ, ਕਵਿਤਾ ਗਾਇਣ ਆਦਿ ਸਨ | ਜਿਸ ਵਿਚ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਪੋਸਟਰ ਅਤੇ ਕੈਲੀਗ੍ਰਾਫੀ ਰਾਹੀਂ ਪੰਜਾਬੀ ਲਿੱਪੀ ਵਿਚ ਸੁੰਦਰ ਲਿਖਤਾਂ ਅਤੇ ਚਿੱਤਰਾਂ ਰਾਹੀਂ ਸੁਨੇਹੇ ਦਰਸਾਏ | ਇਸ ਦੌਰਾਨ ਪੰਜਾਬੀ ਭਾਸ਼ਾ ਦੇ ਸੁਹਜ ਨੂੰ ਪੇਸ਼ ਕਰਦੇ ਮੁਹਾਵਰਿਆਂ ਅਤੇ ਕਹਾਵਤਾਂ ਬਾਰੇ ਵਿਦਿਆਰਥੀਆਂ ਵਿਚ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ | ਸਕੂਲ ਦੀਆਂ ਦੀਵਾਰਾਂ ਨੂੰ ਵਿਦਿਆਰਥੀਆਂ ਦੇ ਲੇਖਾਂ ਅਤੇ ਚਿੱਤਰਾਂ ਨਾਲ ਵਿਸ਼ਵ ਪੰਜਾਬੀ ਦਿਵਸ ਦੀ ਥੀਮ 'ਤੇ ਸਜਾਇਆ ਗਿਆ | ਵਿਸ਼ਵ ਪੰਜਾਬੀ ਦਿਵਸ ਦੇ ਮੌਕੇ ਬੋਲਦਿਆਂ ਸਕੂਲ ਦੇ ਪਿ੍ੰਸੀਪਲ ਰੀਨਾ ਜੈਦਿਕਾ ਅਤੇ ਵਾਇਸ ਪਿ੍ੰਸੀਪਲ ਬੇਅੰਤ ਬਾਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਪਹਿਚਾਣ ਹੈ | ਪੰਜਾਬੀ ਨੂੰ ਰੋਜਮਰ੍ਹਾ ਦੀ ਜ਼ਿੰਦਗੀ ਵਿਚ ਅਪਣਾਉਣ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਿੱਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦਾ ਜਨਮ ਦਿਵਸ ਪੂਰੀ ਦੁਨੀਆਂ ਵਿਚ ਪੰਜਾਬੀਅਤ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਪ੍ਰਤੀਕ ਵੀ ਮੰਨਿਆ ਜਾਵੇਗਾ | ਇਸ ਮੌਕੇ ਸਮੂਹ ਮੈਨੇਜਮੈਂਟ ਮੈਂਬਰ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਆਦਿ ਹਾਜ਼ਰ ਸਨ |