ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨਾਮਵਰ ਵਿੱਦਿਅਕ ਸੰਸਥਾ ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਵਿਸ਼ਵ ਪੰਜਾਬੀ ਦਿਵਸ ਸਮਾਗਮ ਵਜੋਂ ਮਨਾਇਆ ਗਿਆ | ਇਸ ਦੌਰਾਨ ਬਾਬਾ ਫ਼ਰੀਦ ਜੀ ਦੇ ਸਲੋਕਾਂ ਦਾ ਉਚਾਰਨ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਕੈਲੀਗ੍ਰਾਫ਼ੀ ਤੇ ਕੁਇਜ਼ ਵਿਚ ਹਿੱਸਾ ਲਿਆ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਾਂ ਬੋਲੀ ਪੰਜਾਬੀ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਕੁਇਜ਼ ਮੁਕਾਬਲਿਆਂ ਲਈ ਪੁਰਾਤਨ ਪੰਜਾਬੀ ਗਹਿਣੇ, ਪੁਸ਼ਾਕ, ਖੇਤੀਬਾੜੀ ਦੇ ਔਜਾਰ, ਮੇਲੇ-ਤਿਉਹਾਰ ਆਦਿ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ | ਨੌਂਵੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਭਾਸ਼ਣ, ਪੋਸਟਰ ਮੇਕਿੰਗ ਤੇ ਕਲਾਜ ਮੇਕਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ | ਭਾਸ਼ਣ ਮੁਕਾਬਲਿਆਂ ਦੌਰਾਨ ਮਾਂ ਬੋਲੀ ਦਾ ਪਤਨ, ਕੁਦਰਤ ਨਾਲ ਛੇੜਛਾੜ, ਵਧ ਰਹੀ ਮੋਬਾਈਲ ਦੀ ਵਰਤੋਂ ਤੇ ਹੋਰ ਵਿਸ਼ੇ ਸ਼ਾਮਿਲ ਕੀਤੇ ਗਏ | ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਭੇਟ ਕੀਤੇ ਗਏ | ਸਕੂਲ ਪਿ੍ੰ: ਡਾ. ਐੱਸ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ. ਚੰਦਰ ਸ਼ੇਖ਼ਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੰਜਾਬੀ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਜਿਥੇ ਸਮਾਗਮ ਵਿਚ ਸ਼ਾਨਦਾਰ ਪ੍ਰਦਰਸ਼ਨ ਤੇ ਯਤਨਾਂ ਦੀ ਸ਼ਲਾਘਾ ਕੀਤੀ, ਉੱਥੇ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ 'ਤੇ ਵੀ ਜ਼ੋਰ ਦਿੱਤਾ |