ਗੁਰੂਸਰ ਸੁਧਾਰ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਆਫ਼ ਫਾਰਮੇਸੀ ਵਿਖੇ ਸਿਹਤ ਨੂੰ ਬਿਹਤਰ ਬਣਾਉਣ ਵਿਚ ਫਾਰਮਾਸਿਸਟ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਵਿਸ਼ਵ ਫਾਰਮਾਸਿਸਟ ਦਿਵਸ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਕਾਲਜ ਵਿਦਿਆਰਥੀਆਂ ਲਈ ਇਸ ਦਿਨ ਨੂੰ ਮਨਾਉਣ ਲਈ ਪੋਸਟਰ ਮੇਕਿੰਗ, ਲੋਗੋ ਡਿਜ਼ਾਈਨਿੰਗ, ਸਲੋਗਨ ਲਿਖਣ, ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਜਾਣ ਤੋਂ ਇਲਾਵਾ ਰੁੱਖ ਲਗਾਉਣ ਸਬੰਧੀ ਆਦਿ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਆਮ ਲੋਕਾਂ ਨੂੰ ਫਾਰਮਾਸਿਸਟਾਂ ਦੀ ਭੂਮਿਕਾ ਤੋਂ ਜਾਣੂੰ ਕਰਵਾਉਣ ਲਈ ਵਿਦਿਆਰਥੀਆਂ ਨੇ ਇਸ ਮੌਕੇ ਜਾਗਰੂਕਤਾ ਰੈਲੀ ਵੀ ਕੱਢੀ | ਫਾਰਮਾਸਿਸਟ ਦਿਵਸ ਮਨਾਉਣ ਲਈ 'ਥਿੰਕ ਹੈਲਥ ਥਿੰਕ ਫਾਰਮਾਸਿਸਟ' ਵਿਸ਼ੇ 'ਤੇ ਇਕ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ | ਡਾ: ਪਰਵੀਨ ਬਾਂਸਲ (ਖੋਜ ਅਤੇ ਵਿਕਾਸ) ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਭਰੀ | ਕਾਲਜ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ.ਐੱਸ.ਐੱਸ.ਥਿੰਦ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਕਾਲਜ ਪਿ੍ੰ: ਡਾ: ਸਤਵਿੰਦਰ ਕੌਰ ਨੇ ਹਾਜ਼ਰੀਨਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਫਾਰਮਾਸਿਸਟ ਦੇ ਥੀਮ ਬਾਰੇ ਦੱਸਿਆ | ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਅੰਤ ਵਿਚ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਸਮਾਜ ਅਤੇ ਸਿਹਤ ਸੰਭਾਲ ਪ੍ਰਣਾਲੀ ਪ੍ਰਤੀ ਆਪਣੀ ਬਣਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਉਣ ਲਈ ਸਮੂਹਿਕ ਤੌਰ 'ਤੇ ਫਾਰਮਾਸਿਸਟ ਦੀ ਸਹੁੰ ਚੁੱਕੀ |