ਹੰਬੜਾਂ, 26 ਸਤੰਬਰ (ਮੇਜਰ ਹੰਬੜਾਂ)-ਸਿਵਲ ਸਰਜਨ ਲੁਧਿਆਣਾ ਡਾ: ਰਮਨਦੀਪ ਕੌਰ ਔਲਖ ਦੇ ਨਿਰਦੇਸ਼ਾਂ 'ਤੇ ਡਾ: ਸ਼ੀਤਲ ਨੌਰੰਗ ਐਪੋਡਮੋਜਿਸਟ ਅਤੇ ਸਿਵਲ ਸਰਜਨ ਦਫ਼ਤਰ ਲੁਧਿਆਣਾ ਦੇ ਏ.ਐੱਮ.ਓ. ਡਾ: ਬਲਵਿੰਦਰਪਾਲ ਸਿੰਘ ਵਲੋਂ 5 ਟੀਮਾਂ ਬਣਾਕੇ ਕਸਬਾ ਹੰਬੜਾਂ ਦੇ 16 ਘਰਾਂ 'ਚੋਂ ਡੇਂਗੂ ਮੱਛਰ ਦਾ ਵੱਡੀ ਪੱਧਰ 'ਤੇ ਲਾਰਵਾ ਨਸ਼ਟ ਕੀਤਾ ਗਿਆ | ਜਿਸ ਸਬੰਧੀ ਏ.ਐੱਮ.ਓ. ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਹੰਬੜਾਂ ਵਾਸੀ ਇਕ ਡਾਕਟਰ ਨੂੰ ਡੇਂਗੂ ਹੋਣ ਦੇ ਨਾਲ ਹੋਰ ਵੀ ਹੰਬੜਾਂ 'ਚ ਕਈ ਡੇਂਗੂ ਦੇ ਕੇਸ ਪਾਏ ਗਏ ਸਨ, ਜਿਸ ਨੂੰ ਦੇਖਦਿਆਂ ਸਿਵਲ ਸਰਜਨ ਲੁਧਿਆਣਾ ਡਾ: ਰਮਨਦੀਪ ਕੌਰ ਔਲਖ ਦੇ ਨਿਰਦੇਸ਼ਾਂ 'ਤੇ ਡਾਕਟਰੀ ਟੀਮਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੰਬੜਾਂ ਵਿਖੇ 430 ਘਰਾਂ ਵਿਚ ਜਾ ਕੇ ਕੀਤੀ ਗਈ ਅਤੇ ਜਾਂਚ ਸਮੇਂ ਵੱਡੀ ਗਿਣਤੀ 'ਚ ਡੇਂਗੂ ਮੱਛਰ ਦਾ ਲਾਰਵਾ ਨਸ਼ਟ ਕੀਤਾ ਗਿਆ | ਡਾ: ਸ਼ੀਤਲ ਨੌਰੰਗ ਐਪੋਡਮੋਜਿਸਟ ਅਤੇ ਏ.ਐੱਮ.ਓ ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਲੋਕ ਆਪਣੇ ਘਰਾਂ ਦਾ ਆਲਾ ਦੁਆਲਾ ਸਾਫ਼ ਰੱਖਣ ਦੇ ਨਾਲ ਗਮਲਿਆਂ ਸਮੇਤ ਹੋਰ ਥਾਵਾਂ 'ਤੇ ਕਈ ਦਿਨ ਪੁਰਾਣੇ ਖੜੇ੍ਹ ਪਾਣੀ ਨੂੰ ਜਾਂ ਤਾਂ ਸੁੱਕੀ ਥਾਂ ਤੇ ਡੋਲ ਦੇਣ ਜਾਂ ਉਸ ਵਿਚ ਕਾਲਾ ਤੇਲ ਸਮੇਤ ਕਿਸੇ ਦਵਾਈ ਦਾ ਛਿੜਕਾ ਕਰਨ ਤਾਂ ਜੋ ਡੇਂਗੂ ਮੱਛਰ ਦੇ ਲਾਰਵੇ ਨੂੰ ਨਸ਼ਟ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਤੋਂ ਬਚਣ ਲਈ ਤਨ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ ਅਤੇ ਸੌਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਡੇਂਗੂ ਮੱਛਰ ਤੋਂ ਬਚਾਅ ਹੋ ਸਕੇ | ਇਸ ਮੌਕੇ ਹੈਲਥ ਇੰਸ: ਪ੍ਰੇਮ ਸਿੰਘ, ਹੈਲਥ ਇੰਸ: ਗੁਰਮੇਲ ਸਿੰਘ, ਸੀ.ਐੱਚ.ਓ. ਡਾ: ਤਨਵੀਰ ਕੌਰ ਸਮੇਤ ਹੋਰ ਸਿਹਤ ਕਰਮਚਾਰੀ ਵੀ ਮੌਜੂਦ ਸਨ |