ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਗੁਰੂਸਰ ਸੁਧਾਰ ਵਿਖੇ ਪਿ੍ੰ: ਡਾ: ਸਤਵਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰ: ਡਾ: ਸਤਵਿੰਦਰ ਕੌਰ ਨੇ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅਧਿਆਤਮਿਕ ਹਨੇਰੇ ਉੱਤੇ ਅੰਦਰੂਨੀ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਦੀਵਾ ਚੰਗਿਆਈ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ ਤੇ ਇਹ ਹਨੇਰੇ ਨੂੰ ਦੂਰ ਕਰਨ ਸਮੇਤ ਰੌਸ਼ਨੀ ਵਿਚ ਜਾਣ ਦਾ ਸੰਕੇਤ ਦਿੰਦਾ ਹੈ | ਕਾਲਜ ਕੈਂਪਸ ਵਿਖੇ ਇਸ ਮੌਕੇ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਬਾਹਰ ਲਿਆਉਣ ਅਤੇ ਦੀਵਾਲੀ ਤਿਉਹਾਰ ਨੂੰ ਮਨਾਉਣ ਲਈ ਦੀਵਿਆਂ ਦੀ ਸਜਾਵਟ ਕੀਤੀ ਗਈ | ਕਾਲਜ ਵਿਦਿਆਰਥੀਆਂ ਵਲੋਂ ਸਾਰੇ ਦੀਵਿਆਂ ਨੂੰ ਪੇਂਟ ਅਤੇ ਕੁੰਦਨ ਪੱਥਰਾਂ ਨਾਲ ਸਜਾਇਆ ਗਿਆ ਤੇ ਇਹ ਮੌਕਾ ਸਭਨਾਂ ਵਿਦਿਆਰਥੀਆਂ ਲਈ ਇਕ ਵਧੀਆ ਅਨੁਭਵ ਰਿਹਾ | ਅੰਤ 'ਚ ਪਿ੍ੰ: ਡਾ: ਸਤਵਿੰਦਰ ਕੌਰ ਨੇ ਕਾਲਜ ਵਿਦਿਆਰਥੀਆਂ ਨੂੰ ਖ਼ੁਸ਼ਹਾਲ ਦੀਵਾਲੀ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸਾਫ਼ ਅਤੇ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ |