ਗੁਰੂਸਰ ਸੁਧਾਰ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਨੂੰ ਮਜ਼ੇਦਾਰ, ਰਚਨਾਤਮਕ ਤੇ ਦਿਲਚਸਪ ਬਣਾਉਣ ਦੇ ਮਕਸਦ ਤਹਿਤ 'ਗਣਿਤ ਮੇਲਾ' ਕਰਵਾਇਆ | ਇਸ ਦੌਰਾਨ ਵੱਖ-ਵੱਖ ਸਮੂਹਾਂ ਲਈ ਨਵੀਨਤਾਕਾਰੀ ਤੇ ਚੁਣੌਤੀਪੂਰਨ ਗਤੀਵਿਧੀਆਂ ਕਰਵਾਈਆਂ ਗਈਆਂ | ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਗਣਿਤ ਬਿੰਗੋ ਰਾਹੀਂ ਗਣਿਤ ਦੀਆਂ ਸਮੱਸਿਆਵਾਂ ਨਾਲ ਬਿੰਗੋ ਕਾਰਡ ਭਰੇ ਤੇ ਉਤਸ਼ਾਹ ਨਾਲ ਹੱਲ ਕੀਤਾ | ਵਿਦਿਆਰਥੀਆਂ ਦੀਆਂ ਛੇ ਟੀਮਾਂ ਨੇ ਗਣਿਤ ਦੇ ਪ੍ਰਸ਼ਨਾਂ ਨੂੰ ਵਾਰੀ ਵਾਰੀ ਹੱਲ ਕੀਤਾ | ਕੁਇਜ਼ ਮੁਕਾਬਲੇ ਦੌਰਾਨ ਬੱਚਿਆਂ ਦੀ ਜੋੜ, ਘਟਾਓ, ਗੁਣਾ, ਭਾਗ, ਆਕਾਰ, ਮਾਪ, ਤਰਕ ਤੇ ਯੋਗਤਾ ਰਾਹੀਂ ਉਨ੍ਹਾਂ ਦੇ ਗਿਆਨ ਦੀ ਜਾਂਚ ਕੀਤੀ ਗਈ | ਇਕ ਹੋਰ ਗਤੀਵਿਧੀ 'ਚ ਵਿਦਿਆਰਥੀ ਮਸ਼ਹੂਰ ਗਣਿਤ ਵਿਗਿਆਨੀਆਂ ਪਇਥਾਗੋਰਸ, ਆਰੀਆਭੱਟ, ਰਾਮਾਨੁਜਨ ਦੇ ਪਹਿਰਾਵਿਆਂ ਵਿਚ ਸਜੇ ਤੇ ਜਾਣ-ਪਹਿਚਾਣ ਕਰਵਾਈ | ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਰੰਗੀਨ ਜਿਓਮੈਟਿ੍ਕ ਡਿਜ਼ਾਈਨਾਂ ਰਾਹੀਂ ਸਮਰੂਪਤਾ ਦੀ ਧਾਰਨਾ ਦਾ ਪ੍ਰਦਰਸ਼ਨ ਕੀਤਾ | ਕੋਲਾਜ ਮੇਕਿੰਗ ਗਣਿਤ ਤਸਵੀਰਾਂ ਰਾਹੀਂ ਵਿਦਿਆਰਥੀਆਂ ਨੇ ਖ਼ਰੀਦਦਾਰੀ ਤੋਂ ਲੈ ਕੇ ਆਰਕੀਟੈਕਚਰ ਤੱਕ ਗਣਿਤ ਹਰ ਜਗ੍ਹਾ ਕਿਵੇਂ ਮੌਜੂਦ ਹੈ, ਬਾਰੇ ਦਰਸਾਇਆ | ਨੌਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਨੇ 'ਮਹਾਨ ਗਣਿਤ ਵਿਗਿਆਨੀ ਤੇ ਯੋਗਦਾਨ' ਥੀਮ 'ਤੇ ਰੋਲ ਮਾਡਲ ਪੇਸ਼ਕਾਰੀ ਕੀਤੀ ਤੇ ਅਸਲ ਜ਼ਿੰਦਗੀ ਵਿਚ ਗਣਿਤ ਨੂੰ ਤਕਨਾਲੌਜੀ, ਅਰਕੀਟੈਕਚਰ, ਵਾਤਾਵਰਨ ਨਾਲ ਜੋੜਨ ਵਾਲੇ ਨਵੀਨਤਾਕਾਰੀ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ | ਸਕੂਲੀ ਵਿਦਿਆਰਥੀਆਂ ਨੇ ਗਣਿਤ ਖੇਡਾਂ ਅਤੇ ਬੁਝਾਰਤ ਜ਼ੋਨ ਵਿਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਬੁਝਾਰਤਾਂ ਤੇ ਨੰਬਰ ਪਹੇਲੀਆਂ ਨੂੰ ਰੋਮਾਂਚ ਨਾਲ ਭਰਪੂਰ ਮਾਹੌਲ ਵਿਚ ਹੱਲ ਕੀਤਾ | ਸਕੂਲ ਪ੍ਰਧਾਨ ਡਾ. ਐੱਚ. ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ: ਚੰਦਰ ਸ਼ੇਖ਼ਰ ਨੇ ਕਿਹਾ ਕਿ ਗਣਿਤ ਮੇਲੇ ਨੇ ਵਿਦਿਆਰਥੀਆਂ ਵਿਚ ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ, ਟੀਮ ਵਰਕ, ਰਚਨਾਤਮਕਤਾ ਨੂੰ ਉਤਸ਼ਾਹਿਤ ਕੀਤਾ ਤੇ ਇਹ ਸਾਬਿਤ ਕੀਤਾ ਕਿ ਗਣਿਤ ਸਿਰਫ਼ ਸੰਖਿਆਵਾਂ ਬਾਰੇ ਨਹੀਂ ਹੈ, ਇਹ ਤਰਕ, ਸੁੰਦਰਤਾ ਅਤੇ ਕਲਪਨਾ ਦੀ ਭਾਸ਼ਾ ਵੀ ਹੈ |