ਮੁੱਲਾਂਪੁਰ-ਦਾਖਾ, 1 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਆਈ.ਐੱਮ.ਟੀ. ਦਾਖਾ ਵਿਖੇ ਉਚੇਰੀ ਸਿੱਖਿਆ ਲਈ ਨਵਾਂ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਲੜਕੇ-ਲੜਕੀਆਂ ਦੇ ਸਵਾਗਤ ਵਿਚ ਕਾਲਜ ਵਲੋਂ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਦੇ ਆਦੇਸ਼ਾਂ ਨਾਲ ਫਰੈਸ਼ਰ ਪਾਰਟੀ ਰੱਖੀ ਗਈ | ਸਕੂਲ ਸਿੱਖਿਆ ਪੂਰੀ ਕਰਕੇ ਕਾਲਜ ਦਾਖ਼ਲ ਹੋਏ ਵਿਦਿਆਰਥੀ ਸਜ-ਫਬ ਫਰੈੱਸ਼ਰ ਪਾਰਟੀ ਵਿਚ ਸ਼ਾਮਿਲ ਹੋਏ | ਇਸ ਸਮੇਂ ਜੀ.ਟੀ.ਬੀ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਉਨ੍ਹਾਂ ਨਾਲ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਮੌਜੂਦ ਰਹੇ | ਵਿਦਿਆਰਥੀਆਂ ਵਲੋਂ ਗਿੱਧਾ-ਭੰਗੜਾ, ਕੋਰੀਓਗ੍ਰਾਫੀ, ਕਵਿਤਾ ਉਚਾਰਨ ਮੁਕਾਬਲਿਆਂ ਦੇ ਨਾਲ ਹੋਰ ਪੇਸ਼ਕਾਰੀਆਂ ਬੜੀਆਂ ਦਿਲ ਟੁੰਬਵੀਆਂ ਰਹੀਆਂ | ਰੰਗਾਰੰਗ ਪ੍ਰੋਗਰਾਮ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ, ਕਲਚਰਲ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹਿਣਾ ਚਾਹੀਦਾ | ਨਵੇਂ ਵਿਦਿਆਰਥੀਆਂ ਨੂੰ ਨਸੀਹਤ ਭਰੇ ਸ਼ਬਦਾਂ 'ਚ ਆਰ.ਐੱਸ ਸੇਖੋਂ ਨੇ ਦੱਸਿਆ ਕਿ ਤੁਰਨ ਦੇ ਮੌਕੇ ਨਾ ਗੁਆਓ, ਮਨ ਦੀ ਕਾਹਲੀ ਅਤੇ ਸਹਿਜਤਾ ਕਿਸੇ ਦੀ ਵੀ ਤੋਰ 'ਚ ਤੱਕੀ ਜਾ ਸਕਦੀ ਹੈ, ਕਿਸੇ 'ਚ ਵੀ ਗਲਤੀ ਕੱਢਣ ਦੀ ਥਾਂ ਆਪਣੀ ਗਲਤੀ ਮੰਨਣ ਦੇ ਨਾਲ ਸੋਚ ਜੀਵਨ ਨੂੰ ਸਾਕਾਰਾਤਾਮਕ ਬਣਾਉ | ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਲਈ ਵਿਦਿਆਰਥੀਆਂ ਨੂੰ ਅਪੀਲ ਸਮੇਂ ਪ੍ਰਧਾਨ ਸੇਖੋਂ ਨੇ ਦੱਸਿਆ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਸੰਸਕਾਰਾਂ ਦੀ ਤਰ੍ਹਾਂ ਸ਼ੁੱਧ ਅਤੇ ਆਸਥਾ ਦੀ ਤਰ੍ਹਾਂ ਪਵਿੱਤਰ ਹੈ | ਜੱਜਾਂ ਵਲੋਂ ਫਰੈਸ਼ਰ ਪਾਰਟੀ ਮੌਕੇ ਹੋਏ ਮੁਕਾਬਲੇ ਵਿਚ ਅੰਕਾਂ ਦੇ ਅਧਾਰ 'ਤੇ ਕੋਮਲਪ੍ਰੀਤ ਕੌਰ ਮਿਸ਼ ਫਰੈਸ਼ਰ ਅਤੇ ਉਵੇਸ਼ ਮਿਸਟਰ ਫਰੈੱਸ਼ਰ ਚੁਣੇ ਗਏ | ਲੜਕੀਆਂ ਵਿਚ ਖੁਸ਼ਬੋ ਅਤੇ ਗੁਰਵੀਰ ਕੌਰ ਮੁਕਾਬਲੇ ਦੀ ਕ੍ਰਮਵਾਰ ਫਸਟ ਤੇ ਸੈਕਿੰਡ ਰਨਰਅਪ ਅਤੇ ਲੜਕਿਆਂ ਵਿਚ ਮਿਹਰਾਨ, ਗੁਰਪ੍ਰੀਤ ਸਿੰਘ ਫਸਟ-ਸੈਕਿੰਡ ਰਨਰਅਪ ਰਹੇ | ਕਲਚਰਲ ਪ੍ਰੋਗਰਾਮ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮੇਂ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਆਰ.ਐੱਸ ਸੇਖੋਂ, ਜੀ.ਟੀ.ਬੀ-ਆਈ.ਐੱਮ.ਟੀ ਡਾਇਰੈਕਟਰ ਡਾ: ਮਨੂਦੀਪ ਕੌਸ਼ਲ, ਪ੍ਰੋ: ਐੱਸ.ਐੱਸ ਢਿੱਲੋਂ, ਹੋਰ ਪ੍ਰੋਫੈਸਰ ਮੌਜੂਦ ਰਹੇ |