ਸਿੱਧਵਾਂ ਬੇਟ, 1 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿੰਡ ਤਿਹਾੜਾ ਵਿਖੇ ਕਰਵਾਏ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਨ੍ਹਾਂ ਖੇਡ ਮੁਕਾਬਲਿਆਂ 'ਚ ਸਕੂਲ ਦੀ ਅੰਡਰ-11 ਲੜਕਿਆਂ ਦੀ ਟੀਮ ਨੇ ਰੱਸਾਕਸ਼ੀ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਸੀ. ਐੱਚ. ਟੀ. ਨੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ, ਡਾਇਰੈਕਟਰ ਤੇਜਿੰਦਰ ਗੁਪਤਾ, ਸਕੂਲ ਇੰਚਾਰਜ ਕੰਚਨ ਰਾਣੀ ਤੇ ਸਮੂਹ ਸਟਾਫ਼ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ |