ਰਾਏਕੋਟ, 2 ਨਵੰਬਰ (ਸੁਸ਼ੀਲ)-ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਚੱਲ ਰਹੀ ਖ਼ਰੀਦ ਦੇ ਸਬੰਧ ਵਿਚ ਅੱਜ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਖ਼ਾਲਸਾ ਵਲੋਂ ਅਨਾਜ ਮੰਡੀ ਰਾਏਕੋਟ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਯੂਥ ਅਕਾਲੀ ਆਗੂ ਸੁਸ਼ੀਲ ਕੁਮਾਰ ਬਾਵਾ ਚੋਪੜਾ ਦੀ ਆੜ੍ਹਤ ਚੋਪੜਾ ਟਰੇਡਿੰਗ 'ਤੇ ਆਪਣੀ ਫ਼ਸਲ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਕਿਸਾਨਾਂ ਨੇ ਸ. ਖ਼ਾਲਸਾ ਨੂੰ ਦੱਸਿਆ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋਈ ਹੈ, ਜਿਸ ਕਾਰਨ ਉਨ੍ਹਾਂ 'ਤੇ ਆਰਥਿਕ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰ ਵਲੋਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਲਈ ਕੀਤੇ ਪ੍ਰਬੰਧ ਨਾ ਕਾਫੀ ਹਨ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ 'ਤੇ ਪਈ ਇਸ ਦੋਹਰੀ ਮਾਰ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਫ਼ਸਲ 'ਤੇ ਬੋਨਸ ਦੇਣ ਦਾ ਐਲਾਨ ਕੀਤਾ ਜਾਵੇ | ਇਸ ਮੌਕੇ ਸੁਸ਼ੀਲ ਕੁਮਾਰ ਬਾਵਾ ਚੋਪੜਾ, ਗੁਰਜੀਤ ਸਿੰਘ ਜੰਡ, ਪਵਨ ਧਾਲੀਵਾਲ, ਪ੍ਰਧਾਨ ਸੰਜੀਵ ਬੌਵਾ, ਸੰਜੀਵ ਕੁਮਾਰ, ਗੁਰਇਕਬਾਲ ਸਿੰਘ ਲਤਾਲਾ ਆਦਿ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ |