ਪਿੰਡ ਕਮਾਲਪੁਰਾ ਵਿਖੇ ਨਗਰ ਕੀਰਤਨ ਸਜਾਇਆ
ਜਗਰਾਉਂ, 2 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਕਮਾਲਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੇ ਕਰੀਬ ਅੱਧੀ ਦਰਜਨ ਪੜਾਅ ਲਗਾ ਕੇ ਸਮਾਪਤ ਹੋਇਆ | ਜਿੰਨ੍ਹਾਂ ਰਾਹਾਂ ਤੋਂ ਦੀ ਇਹ ਨਗਰ ਕੀਰਤਨ ਗੁਜ਼ਰਿਆ ਉਨ੍ਹਾਂ ਰਾਹਾਂ ਦੀ ਸੰਗਤਾਂ ਵਲੋਂ ਸਫ਼ਾਈ ਕੀਤੀ ਅਤੇ ਸਵਾਗਤੀ ਗੇਟ ਅਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਮੌਕੇ ਭਾਈ ਰਾਜਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਜੋੜੀਵਾਲ, ਭਾਈ ਗੁਰਬਖਸ਼ ਸਿੰਘ ਆਦਿ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਕਾਉਂਕੇ ਨੇ ਗੁਰਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਪ੍ਰਤੀ ਜਾਣਕਾਰੀ ਦਿੱਤੀ | ਗੁਰਦੁਆਰਾ ਪ੍ਰਧਾਨ ਜਸਵੀਰ ਸਿੰਘ ਨੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਅਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਮਨਦੀਪ ਸਿੰਘ ਗੁਗ, ਮਹਿੰਦਰ ਸਿੰਘ ਕਮਾਲਪੁਰਾ, ਬਲਵਿੰਦਰ ਸਿੰਘ ਹੰਸਰਾ, ਚਮਕੌਰ ਸਿੰਘ ਗਿੱਲ, ਸੁਖਵਿੰਦਰ ਸਿੰਘ ਫੌਜੀ, ਤੇਜਿੰਦਰ ਸਿੰਘ, ਪਰਮਿੰਦਰ ਸਿੰਘ ਤਾਜਪੁਰ, ਭਾਈ ਜਸਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਨਿਰਭੈ ਸਿੰਘ, ਭਾਈ ਚਮਕੌਰ ਸਿੰਘ, ਭਾਈ ਸੁਖਦੀਪ ਸਿੰਘ ਆਦਿ ਹਾਜ਼ਰ ਸਨ |
ਪਿੰਡ ਪੁੜੈਣ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਭੂੰਦੜੀ, (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਵਿਖੇ ਗੁਰਦੁਆਰਾ ਬਾਬਾ ਮੋਹਣ ਦਾਸ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬੜੇ ਹੀ ਸ਼ਰਧਾ ਤੇ ਆਦਰ ਨਾਲ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਫੁੱਲਾਂ ਨਾਲ ਸਜਾਈ ਗਈ ਵਿਸ਼ੇਸ਼ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸਨ | ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਰਵਾਨਾ ਹੋਇਆ | ਇਸ ਦੌਰਾਨ ਬਾਬਾ ਦਲਜਿੰਦਰ ਸਿੰਘ ਭੂੰਦੜੀ ਵਾਲਿਆਂ ਤੇ ਹੋਰ ਵੱਖ-ਵੱਖ ਕੀਰਤਨੀ ਜਥਿਆਂ ਨੇ ਰਸਭਿੰਨ੍ਹੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉੱਘੇ ਢਾਡੀ ਭਾਈ ਅਮਰਜੀਤ ਸਿੰਘ ਸਿੱਧਵਾਂ ਵਾਲੇ, ਸਾਰੰਗੀ ਵਾਦਕ ਭਾਈ ਬਲਦੇਵ ਸਿੰਘ ਚੱਕ ਕਲਾਂ ਦੇ ਢਾਡੀ ਜਥੇ ਨੇ ਗੁਰੂ ਜੀ ਦੇ ਜੀਵਨ ਤੇ ਉਪਦੇਸ਼ਾਂ 'ਤੇ ਚਾਨਣਾ ਪਾਇਆ | ਇਸ ਪਵਿੱਤਰ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਵੰਤ ਸਿੰਘ ਪੁੜੈਣ, ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਰਪੰਚ ਜਗਦੀਪ ਸਿੰਘ ਬਾਸੀ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੰਨੂੰ, ਗੁਰਬਖ਼ਸ਼ ਸਿੰਘ ਬੱਬੂ, ਸੁਖਦੇਵ ਸਿੰਘ ਬੋਪਾਰਾਏ ਵਲੋਂ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ ਦੇ ਦੌਰਾਨ ਸੰਗਤਾਂ ਲਈ ਹਰ ਪੜਾਅ 'ਤੇ ਲੰਗਰ ਦੀ ਵਿਵਸਥਾ ਕੀਤੀ ਗਈ ਸੀ | ਇਹ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪੜ੍ਹਾਵਾਂ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਬਾਬਾ ਮੋਹਣ ਦਾਸ ਜੀ ਵਿਖੇ 'ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਸਮਾਪਤ ਹੋਇਆ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੰਮਾਂ, ਸਾਬਕਾ ਪ੍ਰਧਾਨ ਜਗਜੀਤ ਸਿੰਘ ਭੋਲਾ, ਸੁਰਿੰਦਰ ਸਿੰਘ ਸੇਖੋਂ, ਸੁਖਦੇਵ ਸਿੰਘ ਪੰਮਾ, ਨੰਬਰਦਾਰ ਸੁਖਦੇਵ ਸਿੰਘ, ਅਜੀਤ ਸਿੰਘ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਨਗਰ ਸਲੇਮਪੁਰਾ ਦੀਆਂ ਸੰਗਤਾਂ ਨੇ ਨਗਰ ਕੀਰਤਨ ਸਜਾਇਆ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਨਗਰ ਸਲੇਮਪੁਰਾ ਦੀਆਂ ਸੰਗਤਾਂ ਵਲੋਂ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ਼ਬਦ ਗੁਰੂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਹੇਠ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਨਾਨਕ ਨਿਵਾਸ ਵਿਚੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ | ਇਸ ਮੌਕੇ ਏਸ਼ੀਅਨ ਪਬਲਿਕ ਸਕੂਲ ਦੇ ਬੱਚੇ ਹੱਥਾਂ ਵਿਚ ਕੇਸਰੀ ਝੰਡੇ ਅਤੇ ਧਾਰਮਿਕ ਤਖ਼ਤੀਆਂ ਫੜ੍ਹ ਕੇ ਨਗਰ ਕੀਰਤਨ ਦੀ ਹੋਰ ਸ਼ੋਭਾ ਵਧਾ ਰਹੇ ਹਨ ਜਦਕਿ ਗੱਤਕਾ ਪਾਰਟੀ ਦੇ ਮੈਂਬਰ ਆਪਣੇ ਜ਼ੌਹਰ ਵਿਖਾ ਰਹੇ ਸਨ | ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਵਿਚੋਂ ਦੀ ਗੁਜ਼ਰਦਾ ਹੋਇਆ ਜਦੋਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਪੁੱਜਾ ਤਾਂ ਮੁੱਖ ਪ੍ਰਬੰਧਕ ਭਾਈ ਰਮਨਦੀਪ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ | ਉਨ੍ਹਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਹਣੇ ਦੁਸ਼ਾਲੇ ਭੇਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ ਗਏ | ਇਸ ਮੌਕੇ ਚਾਹ ਅਤੇ ਭਿੰਨ-ਭਿੰਨ ਪਦਾਰਥਾਂ ਦਾ ਲੰਗਰ ਅਤੁੱਟ ਵਰਤਿਆ | ਕੁਝ ਸਮਾਂ ਵਿਸ਼ਰਾਮ ਕਰਨ ਉਪਰੰਤ ਇਹ ਮਹਾਨ ਨਗਰ ਕੀਰਤਨ ਕਸਬਾ ਸਿੱਧਵਾਂ ਬੇਟ ਦੇ ਵੱਖ-ਵੱਖ ਮੁਹੱਲਿਆਂ ਵਿਚੋਂ ਗੁਜ਼ਰਦਾ ਹੋਇਆ, ਜਦੋਂ ਕਸਬੇ ਦੇ ਜਲੰਧਰ-ਜਗਰਾਉਂ ਮਾਰਗ 'ਤੇ ਸਥਿਤ ਮੁੱਖ ਗੁਰਦੁਆਰਾ ਸਾਹਿਬ ਵਿਖੇ ਪੁੱਜਾ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਜਿੱਥੇ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ | ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਹਣੇ ਦੁਸਾਲੇ ਭੇਟ ਕੀਤੇ | ਉਨ੍ਹਾਂ ਵਲੋਂ ਗੁਰਦੁਆਰਾ ਨਾਨਕ ਨਿਵਾਸ ਸਲੇਮਪੁਰਾ ਦੇ ਪ੍ਰਧਾਨ ਜਗਜੀਤ ਸਿੰਘ, ਪ੍ਰਬੰਧਕਾਂ ਸਮੇਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ | ਉਪਰੰਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋ ਕੇ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਚ ਪੁੱਜ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਸੁਰਿੰਦਰਪਾਲ ਸਿੰਘ ਹਵਾਸ ਅਤੇ ਭਾਈ ਪਿ੍ਤਪਾਲ ਸਿੰਘ ਪਾਰਸ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਕੇ ਉਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਅਨੁਸਾਰ ਆਪਣਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ | ਨਗਰ ਕੀਰਤਨ ਦੌਰਾਨ ਨਗਰ ਸਲੇਮਪੁਰਾ ਅਤੇ ਨਗਰ ਸਿੱਧਵਾਂ ਬੇਟ ਦੀਆਂ ਸੰਗਤਾਂ ਵਲੋਂ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਗਏ |
ਪਿੰਡ ਸਿੱਧਵਾਂ ਖੁਰਦ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਚੌਂਕੀਮਾਨ, 2 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਨੌਜਵਾਨ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਭਾਈ ਅਮਰਜੀਤ ਸਿੰਘ ਸਿੱਧਵਾਂ ਕਾਲਜ ਵਾਲਿਆਂ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨਾਂ ਦੁਆਰਾ ਕੀਤੀਆਂ ਚਾਰ ਉਦਾਸੀਆਂ ਬਾਰੇ ਸੰਗਤਾਂ ਨੂੰ ਵਾਰਾਂ ਰਾਹੀਂ ਜਾਣੂੰ ਕਰਵਾਇਆ | ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਮਾ: ਪ੍ਰਦੀਪ ਸਿੰਘ ਸਿੱਧੂ ਵਲੋਂ ਨਿਭਾਈ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਕਰਨਪ੍ਰੀਤ ਸਿੰਘ ਦੇ ਕੀਰਤਨੀ ਜਥੇ ਨੇ ਨਗਰ ਕੀਰਤਨ ਵਿਚ ਪਰਿਕਰਮਾਂ ਕਰ ਰਹੀ ਸੰਗਤ ਨੂੰ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਵਾਕੇ ਗੁਰੂ ਨਾਲ ਜੋੜਿਆ | ਇਸ ਮੌਕੇ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਸਿੱਧਵਾਂ, ਪੰਚ ਬਲਵਿੰਦਰ ਸਿੰਘ, ਪੰਚ ਰਣਜੀਤ ਸਿੰਘ, ਗੁਰਦੀਪ ਸਿੰਘ ਸਿੱਧਵਾਂ ਤੇ ਸੁਖਵੰਤ ਸਿੰਘ ਦੀ ਅਗਵਾਈ ਵਿਚ ਕਮੇਟੀ ਮੈਂਬਰਾਂ ਤੇ ਪਤਵੰਤੇ ਸੱਜਣਾਂ ਵਲੋਂ ਪੰਜ ਪਿਆਰਿਆਂ ਸਮੇਤ ਭਾਈ ਅਮਰਜੀਤ ਸਿੰਘ ਸਿੱਧਵਾਂ ਕਾਲਜ ਵਾਲਿਆ ਦੇ ਢਾਡੀ ਜਥੇ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ, ਮਾ: ਪਰਮਜੀਤ ਸਿੰਘ ਸਿੱਧਵਾਂ, ਸਾਬਕਾ ਸਰਪੰਚ ਪਰਮਿੰਦਰ ਸਿੰਘ ਸਿੱਧਵਾਂ, ਅਮਰਜੀਤ ਸਿੰਘ ਸਿੱਧਵਾਂ, ਜਰਨੈਲ ਸਿੰਘ, ਪ੍ਰਧਾਨ ਰਾਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |
ਬੱਦੋਵਾਲ 'ਚ ਨਗਰ ਕੀਰਤਨ ਸਜਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪਿੰਡ ਬੱਦੋਵਾਲ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਦੀ ਪਰਿਕਰਮਾ ਲਈ ਰਵਾਨਾ ਹੋਇਆ | ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਗਤ ਵਲੋਂ ਫੁੱਲਾਂ ਨਾਲ ਸਿੰਗਾਰੀ ਗਈ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵੱਖੋ-ਵੱਖ ਪੜਾਵਾਂ 'ਤੇ ਸੰਗਤ ਵਲੋਂ ਫੁੱਲਾਂ ਦੀ ਵਰਖਾ ਕੀਤੀ | ਕੀਰਤਨੀ ਜਥੇ ਵਲੋਂ 'ਸਤਿਗੁਰੁ ਨਾਨਕ ਪ੍ਰਗਟਿਆ' ਸ਼ਬਦ ਨਾਲ ਕੀਰਤਨ ਦਾ ਆਰੰਭ ਕਰਕੇ 'ਜਿਥੈ ਬਾਬਾ ਪੈਰ ਧਰਿ ਪੂਜਾ ਆਸਣੂ ਥਾਪਣਿ ਸੋਆ¨ ਕਈ ਹੋਰ ਸ਼ਬਦ ਪੜ੍ਹਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਤੰਤਰ ਵਿਚਾਰਾਂ ਦਾ ਗਾਇਨ ਕੀਤਾ | ਕਮਲ ਸਿੰਘ ਬੱਦੋਵਾਲ ਦੇ ਢਾਡੀ ਜਥੇ ਵਲੋਂ ਵੱਖੋ-ਵੱਖ ਪੜਾਵਾਂ 'ਤੇ ਸੰਗਤ ਦੀ ਇਕੱਤਰਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਲ ਜੁੜਨ ਅਤੇ ਉਨ੍ਹਾਂ ਦੇ ਜੀਵਨ ਕਾਲ ਨਾਲ ਜੁੜੀਆਂ ਚਾਰ ਉਦਾਸੀਆਂ ਦਾ ਵਰਣਨ ਢਾਡੀ ਵਾਰਾਂ ਰਾਹੀਂ ਗਾਇਨ ਕੀਤਾ | ਢਾਡੀ ਕਮਲ ਸਿੰਘ ਬੱਦੋਵਾਲ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਨਾਲ ਹੁੰਦੀ ਹੈ | ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕੀ ਪ੍ਰਧਾਨ ਰਾਜ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਅਮਰਜੋਤ ਸਿੰਘ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਸਾਬਕਾ ਜ਼ਿਲ੍ਹਾ ਪ੍ਰੀਸਦ ਮੈਂਬਰ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਜਥੇਦਾਰ ਅਰਜਨ ਸਿੰਘ, ਸੁਖਚੈਨ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ, ਮਾ. ਬਲਵਿੰਦਰ ਸਿੰਘ, ਪ੍ਰੀਤ ਕਨੇਡਾ, ਅੰਮਿ੍ਤਪਾਲ ਸਿੰਘ ਹੋਰਨਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾਏ ਗਏ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਏ
ਅਜੀਤ ਡੈਸਕ
03-11-2025