ਰਾਏਕੋਟ, 22 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਧਾਰਮਿਕ ਖੇਤਰ ਵਿਚ ਵੱਡੀ ਉਪਲੱਬਧੀ ਆਪਣੇ ਨਾਂਅ ਕੀਤੀ ਹੈ | ਕਸਬਾ ਭਦੌੜ ਵਿਖੇ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿਚ ਸਕੂਲ ਨੇ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ ਹੈ | ਇੰਨ੍ਹਾਂ ਮੁਕਾਬਲਿਆਂ ਵਿਚ ਇਲਾਕੇ ਦੇ 30 ਤੋਂ ਵੱਧ ਸਕੂਲਾਂ ਦੇ ਲਗਭਗ 800 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਗੁਰਬਾਣੀ ਕੰਠ, ਕਵੀਸ਼ਰੀ, ਭਾਸ਼ਣ, ਕਵਿਤਾ, ਸ਼ਬਦ ਕੀਰਤਨ, ਦਸਤਾਰ, ਦੁਮਾਲਾ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ | ਸਕੂਲ ਵਿਦਿਆਰਥੀਆਂ ਨੇ ਇਨ੍ਹਾਂ ਸਾਰੇ ਹੀ ਈਵੈਟਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ | ਜੇਤੂ ਵਿਦਿਆਰਥੀਆਂ ਵਿਚ ਗੁਰਸ਼ਾਂਝ ਕੌਰ, ਗੁਰਨੂਰ ਕੌਰ, ਭਵਨੀਤ ਸਿੰਘ, ਜਸ਼ਨਪ੍ਰੀਤ ਕੌਰ, ਮਹਿਤਾਬ ਸਿੰਘ, ਹਰਕੀਰਤ ਸਿੰਘ, ਮਨਜੋਤ ਕੌਰ, ਅਨੀਤਦੀਪ ਕੌਰ ਤੇ ਪ੍ਰਭਨੂਰ ਸਿੰਘ ਆਦਿ ਦੀਆਂ ਟੀਮਾਂ ਨੇ ਵੱਖ-ਵੱਖ ਸਥਾਨ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ, ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ ਤੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਵਲੋਂ ਸਾਰੇ ਧਾਰਮਿਕ ਅਧਿਆਪਕਾਂ ਮੈਡਮ ਸੁਖਦੀਪ ਕੌਰ, ਮਨਪ੍ਰੀਤ ਕੌਰ, ਰੁਪਿੰਦਰ ਸਿੰਘ ਤੇ ਹਰਮਨਜੀਤ ਸਿੰਘ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ |